ਅੰਮ੍ਰਿਤਸਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ 150 ਕਰੋੜ ਰੁਪਏ ਦੇ ਪੰਜਾਬ ਪੁਲਿਸ ਭਰਤੀ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਨਾਲ ਹੀ ਮੌਜੂਦਾ ਭਰਤੀ ਪ੍ਰਕਿਰਿਆ ਰੱਦ ਕਰਕੇ ਸਾਰੀਆਂ ਉਪਲੱਬਧ ਪੋਸਟਾਂ ਲਈ ਨਵੇਂ ਸਿਰੇ ਤੋਂ ਟੈਸਟ ਲਿਆ ਜਾਵੇ।
ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਾਵੇਂ ਪਟਿਆਲਾ ਵਿਚ 560 ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਏ ਟੈਸਟ ਵਿਚ ਘਪਲਾ ਹੋਣ ਲਈ ਪਟਿਆਲਾ ਵਿਚ ਐਫਆਈਆਰ ਵੀ ਦਰਜ ਕੀਤੀ ਗਈ ਪਰ ਇਸਦੇ ਬਾਵਜੂਦ ਹੁਣ ਤੱਕ ਸਾਰੀ ਪ੍ਰਕਿਰਿਆ ਰੱਦ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਪੁਲਿਸ ਥਾਣੇ ਵਿਚ ਦਰਜ ਹੋਈ ਐਫਆਈਆਰ ਦੇ ਮੁਤਾਬਕ ਇਹ ਸਪੱਸ਼ਟ ਹੈ ਕਿ ਉਮੀਦਵਾਰ ਦੇ ਪੇਪਰ ਪ੍ਰੀਖਿਆ ਕੇਂਦਰ ਦੇ ਬਾਹਰੋਂ ਕੀਤੇ ਗਏ। ਇਹ ਸਪੱਸ਼ਟ ਹੈ ਕਿ ਕੰਪਿਊਟਰ ਹੈਕ ਕੀਤੇ ਗਏ ਤੇ ਹੋਰ ਉਮੀਦਵਾਰਾਂ ਨੇ ਮਾੜੇ ਤਰੀਕੇ ਵਰਤ ਕੇ ਪ੍ਰੀਖਿਆ ਪਾਸ ਕਰਨ ਦਾ ਯਤਨ ਕੀਤਾ ਜਦਕਿ 7 ਲੱਖ ਵਿਦਿਆਰਥੀਆਂ ਨੇ ਹੈਡ ਕਾਂਸਟੇਬਲ ਤੇ ਕਾਂਸਟੇਬਲ ਸਮੇਤ 5500 ਪੋਸਟਾਂ ਵਾਸਤੇ ਪੇਪਰ ਦਿੱਤਾ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਭਾਵੇਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਰਤੀ ਦਾ ਵੱਡਾ ਘਪਲਾ ਹੈ ਪਰ ਇਸ ਮਾਮਲੇ ਵਿਚ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਘਪਲੇ ਦੀ ਸੀਬੀਆਈ ਜਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਘਪਲੇ ਦੇ ਤਾਰ ਸਾਰੇ ਸੂਬੇ ਵਿਚ ਫੈਲੇ ਹਨ ਅਤੇ ਅਨੇਕਾਂ ਕਾਗਰਸੀ ਆਗੂਆਂ ਦੇ ਨਾਲ-ਨਾਲ ਸੀਨੀਅਰ ਪੁਲਿਸ ਅਫਸਰ ਵੀ ਘਪਲੇ ਵਿਚ ਸ਼ਾਮਲ ਹਨ ਤੇ ਸਿਰਫ ਨਿਰਪੱਖ ਜਾਂਚ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ।
ਇਸ ਮਾਮਲੇ ਵਿਚ ਕਾਂਗਰਸ ਸਰਕਾਰ ਦੀ ਚੁੱਪੀ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਮੰਗ ਕੀਤੀ ਕਿ ਸਾਰੀ ਪ੍ਰਕਿਰਿਆ ਨਵੇਂ ਸਿਰੇ ਤੋਂ ਵਿੱਢੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ ਪ੍ਰੀਖਿਆ ਦਿੱਤੀ ਹੈ, ਉਨ੍ਹਾਂ ਨੁੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇ ਅਤੇ ਮੁੜ ਟੈਸਟ ਦੇਣ ਦੀ ਕੋਈ ਫੀਸ ਨਾ ਲਈ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਪੇਪਰ ਲਵੇ ਅਤੇ ਕਿਸੇ ਹੋਰ ਏਜੰਸੀ ਨੂੰ ਆਊਟਸੋਰਸ ਨਾ ਕੀਤਾ ਜਾਵੇ।
1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੇ ਹੁਕਮਾਂ ਦੇ ਮੱਦੇਨਜ਼ਰ ਮੰਡੀਆਂ ਵਿਚ ਝੋਨਾ ਲਿਆਉਣ ਵਾਸਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਸਵਾਲਾਂ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਸੂਬਾ ਸਰਕਾਰ ਇਸ ਮਾਮਲੇ ’ਤੇ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ 1 ਅਕਤੂਬਰ ਤੋਂ ਝੋਨੇ ਦੀ ਸੁਖਾਲੀ ਖਰੀਦ ਦੇ ਪ੍ਰਬੰਧ ਲਈ ਕੋਈ ਯਤਨ ਨਹੀਂ ਕੀਤਾ ਗਿਆ ਕਿਉਂਕਿ ਕਾਂਗਰਸੀ ਲੀਡਰਸ਼ਿਪ ਸਿਖ਼ਰਲੀ ਕੁਰਸੀ ਦੀ ਲੜਾਈ ਵਿਚ ਰੁੱਝੀ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੇਂਦਰ ਸਰਕਾਰ ਨੇ ਖਰੀਦ 10 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ ਤਾਂ ਸੂਬਾ ਸਰਕਾਰ ਨੂੰ ਆਪਣੀਆਂ ਏਜੰਸੀਆਂ ਨੂੰ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰਨ ਦੀ ਹਦਾਇਤ ਦੇਣੀ ਚਾਹੀਦੀ ਹੈ।
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਤੇ ਉਨ੍ਹਾਂ ਦੇ ਵਜ਼ਾਰਤੀ ਸਾਥੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹਿਣ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬੇ ਦੇ ਐਸਸੀ ਵਰਗ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਵਿਅਕਤੀ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕੰਮ ਨਹੀਂ ਕਰਨ ਦੇ ਰਿਹਾ।
ਇਹ ਵੀ ਪੜ੍ਹੋ : DGP ਨਾਲ ਮੀਟਿੰਗ ਲਈ ਪੁੱਤਰ ਨਾਲ ਪਹੁੰਚੇ CM ‘ਤੇ ਅਸ਼ਵਨੀ ਸ਼ਰਮਾ ਨੇ ਵਿੰਨ੍ਹਿਆ ਨਿਸ਼ਾਨਾ
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਬਾਰੇ ਕੋਈ ਚਿੰਤਾ ਨਹੀਂ ਹੈ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੂਬੇ ਦੇ ਸਰੋਤਾਂ ਦੀ ਲੁੱਟ ਕਰਨ ਨਾਲੋਂ ਇਹ ਮਸਲੇ ਹੱਲ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਅਨਿਲ ਜੋਸ਼ੀ ਵੀ ਹਾਜ਼ਰ ਸਨ।