ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਓਮੀਕਰੋਨ ਦੇ ਨਵੇਂ ਵੈਰੀਐਂਟ ਦੇ ਸੰਕਰਮਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਵੀ ਕਿਸਮ ਦੀ ਢਿੱਲ-ਮੱਠ ਦਿਖਾਏ ਬਿਨਾਂ ਆਪਣਾ ਟੀਕਾਕਰਨ ਜਲਦੀ ਤੋਂ ਜਲਦੀ ਕਰਵਾਉਣ। ਉਨ੍ਹਾਂ ਨੇ ਖੁਦ ਵੀ ਕੋਰੋਨਾ ਦੀ ਦੂਜੀ ਡੋਜ਼ ਲਗਵਾਈ। ਪੰਜਾਬ ਭਵਨ ਵਿਖੇ ਓਮੀਕ੍ਰੋਨ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਖੋਜ ਵਿਭਾਗਾਂ ਨੂੰ ਰਾਜ ਭਰ ਵਿੱਚ ਟੀਕਾਕਰਨ ਮੁਹਿੰਮ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੂੰ ਸੂਬੇ ‘ਚ ਕੋਵਿਡ ਟੀਕਾਕਰਨ ਦੀ ਹੁਣ ਤੱਕ ਦੀ ਸਥਿਤੀ ਬਾਰੇ ਜਾਣੂ ਕਰਵਾਉਂਦੇ ਹੋਏ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਨੇ ਦੱਸਿਆ ਕਿ 2.46 ਕਰੋੜ ਯੋਗ ਆਬਾਦੀ ਵਿੱਚੋਂ 1.66 ਕਰੋੜ (80 ਪ੍ਰਤੀਸ਼ਤ) ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 38 ਪ੍ਰਤੀਸ਼ਤ ਭਾਵ 79.87 ਲੱਖ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਲ ਅੱਜ ਤੱਕ 46 ਲੱਖ ਖੁਰਾਕਾਂ ਦਾ ਸਟਾਕ ਉਪਲਬਧ ਹੈ ਅਤੇ ਮੈਡੀਕਲ/ਪੈਰਾ ਮੈਡੀਕਲ ਟੀਮਾਂ ਬਾਕੀ ਰਹਿੰਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਦੀ ਮੁਹਿੰਮ ਵਿੱਚ ਸਰਗਰਮੀ ਨਾਲ ਰੁੱਝੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕੋਰੋਨਾ ਕੇਸਾਂ ਦਾ ਪਤਾ ਲਗਾਉਣ ਲਈ ਰੋਜ਼ਾਨਾ 30,000 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸਿਹਤ ਸਕੱਤਰ ਨੇ ਮੁੱਖ ਮੰਤਰੀ ਚੰਨੀ ਨੂੰ ਦੱਸਿਆ ਕਿ ਵਿਭਾਗ ਓਮੀਕ੍ਰੋਨ ਫੈਲਣ ਦੀ ਕਿਸੇ ਵੀ ਸੰਭਾਵਨਾ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ 20 ਜ਼ਿਲ੍ਹਿਆਂ ਲਈ 12 ਲੱਖ ਰੈਪਿਡ ਐਂਟੀਜੇਨ ਕਿੱਟਾਂ, 17 ਲੱਖ ਵੀਟੀਐਮ ਟੈਸਟ ਕਿੱਟਾਂ, ਆਰਟੀਪੀਸੀਆਰ ਲੈਬਾਂ ਲਈ ਸਾਜ਼ੋ-ਸਾਮਾਨ ਸਮੇਤ ਲੋੜੀਂਦੀ ਸਮੱਗਰੀ/ਸਾਮਾਨ ਖਰੀਦਿਆ ਗਿਆ ਹੈ। ਬਾਲਗ L2 (790) ਅਤੇ L3 (324) ਬਿਸਤਰਿਆਂ ਤੋਂ ਇਲਾਵਾ ਬਾਲਗ L2 (3500) ਅਤੇ L3 (142) ਬਿਸਤਰੇ ਅਤੇ ਕੋਵਿਡ ਮਰੀਜ਼ਾਂ ਲਈ ਦਵਾਈਆਂ ਦਾ ਢੁਕਵੇਂ ਸਟਾਕ ਦਾ ਪ੍ਰਬੰਧ ਕੀਤਾ ਗਿਆ ਹੈ।
ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਹੁਣ ਤੱਕ ਕੀਤੇ ਪ੍ਰਬੰਧਾਂ ‘ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਵੇਂ ਸੂਬੇ ਵਿੱਚ ਓਮੀਕ੍ਰੋਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਮੀਟਿੰਗ ਵਿੱਚ ਉਪ ਮੁੱਖ ਮੰਤਰੀ ਓਪੀ ਸੋਨੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਅਤੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਸ਼ਾਮਲ ਸਨ। .