ਲਖੀਮਪੁਰ ਖੀਰੀ ਹਿੰਸਾ ਵਿਚ ਸ਼ਹੀਦ ਹੋਏ ਕਿਸਾਨ ਨੱਛਤਰ ਸਿੰਘ ਦੇ ਪੁੱਤ ਨੇ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਾਂਸਦ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਖਿਲਾਫ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਖੜ੍ਹੇ ਹੋਣ ਦਾ ਇਰਾਦਾ ਪ੍ਰਗਟਾਇਆ ਹੈ।
ਪਿਛਲੇ ਸਾਲ 3 ਅਕਤੂਬਰ ਨੂੰ ਤਿਕੋਨੀਆ ਪਿੰਡ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿਚ ਨਛੱਤਰ ਸਿੰਘ ਸਣੇ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਇੱਕ ਪੱਤਰਕਾਰ ਸਣੇ 4 ਹੋਰ ਲੋਕ ਵੀ ਮਾਰੇ ਗਏ ਸਨ। ਇਸ ਮਾਮਲੇ ‘ਚ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਨੂੰ ਮੁੱਖ ਦੋਸ਼ੀ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ।
ਲਖੀਮਪੁਰ ਦੇ ਧੌਰਹਰਾ ਇਲਾਕੇ ਦੇ ਪੁਰਵਾ ਪਿੰਡ ਦੇ ਰਹਿਣ ਵਾਲੇ ਨਛੱਤਰ ਸਿੰਘ ਦੇ ਬੇਟੇ ਜਗਦੀਪ ਸਿੰਘ ਨੇ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ ਤੇ ਕਾਂਗਰਸ ਨੇ ਉਨ੍ਹਾਂ ਨੂੰ ਲਖੀਮਪੁਰ ਖੀਰੀ ਦੀ ਧੌਰਹਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿਚ ਸਿੱਧੇ ਤੌਰ ‘ਤੇ ਟੇਨੀ ਨਾਲ ਟੱਕਰ ਲੈਣਾ ਚਾਹੁਣਗੇ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਨਛੱਤਰ ਸਿੰਘ ਦੇ ਬੇਟੇ ਜਗਦੀਪ ਨੇ ਕਿਹਾ ਕਿ ਟੇਨੀ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਨਾ ਹਟਾਏ ਜਾਣਾ ਬਹੁਤ ਵੱਡਾ ਚੁਣਾਵੀ ਮੁੱਦਾ ਹੈ। ਸਰਕਾਰ ਬ੍ਰਾਹਮਣ ਵੋਟਰਾਂ ਦੀ ਨਾਰਾਜ਼ਗੀ ਮੋਲ ਨਹੀਂ ਲੈਣਾ ਚਾਹੁੰਦੀ ਤੇ ਇਸ ਲਈ ਟੈਨੀ ਨੂੰ ਨਹੀਂ ਹਟਾ ਰਹੀ ਹੈ। ਹੁਣ ਤਾਂ ਜਨਤਾ ਹੀ ਇਸ ਦਾ ਹਿਸਾਬ ਲਵੇਗੀ ਕਿਉਂਕਿ ਸਰਕਾਰ ਨੇ ਤਾਂ ਸੁਣਨਾ ਬੰਦ ਕਰ ਦਿੱਤਾ ਹੈ। ਟੇਨੀ ਜਦੋਂ ਤੱਕ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਉਤੇ ਰਹਿਣਗੇ ਉਦੋਂ ਤੱਕ ਸਾਡੇ ਨਾਲ ਨਿਆਂ ਨਹੀਂ ਹੋ ਸਕਦਾ।
ਗੌਰਤਲਬ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬਿਆਨ ਤੋਂ ਨਾਰਾਜ਼ ਕਿਸਾਨ ਟੈਨੀ ਦੇ ਪਿੰਡ ਵਿਚ ਇੱਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਜਾ ਰਹੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ, ਇਸੇ ਦੌਰਾਨ ਤਿਕੋਨੀਆ ਪਿੰਡ ਵਿਚ ਹੋਈ ਹਿੰਸਾ ਵਿਚ 4 ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋਈ ਸੀ।