ਲੁਧਿਆਣਾ ਵਿੱਚ ਵਿਜੇ ਨਗਰ ‘ਚ ਜਨਮ ਦਿਨ ਮਨਾ ਰਹੇ ਕੁਝ ਨੌਜਵਾਨਾਂ ਨੇ ਲੋਕਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਬੰਦੇ ਦੀ ਬਾਂਹ ਨੂੰ ਗੋਲੀ ਛੂਹ ਕੇ ਨਿਕਲੀ। ਨੌਜਵਾਨ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਫਾਇਰਿੰਗ ਤੋਂ ਬਾਅਦ ਮੁਹੱਲੇ ਵਿੱਚ ਖੜ੍ਹੀਆਂ ਗੱਡੀਆਂ ‘ਚ ਤੋੜਫੋੜ ਕੀਤੀ ਤੇ ਫਿਰ ਫਰਾਰ ਹੋ ਗਏ। ਲੋਕਾਂ ਨੇ ਨੌਜਵਾਨਾਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਕੁਝ ਨੌਜਵਾਨ ਵਿਜੇ ਨਗਰ ਵਿੱਚ ਸੜਕ ‘ਤੇ ਜਨਮ ਦਿਨ ਦਾ ਕੇਕ ਕੱਟ ਰਹੇ ਸਨ। ਇਨ੍ਹਾਂ ਨੌਜਵਾਨਾਂ ਵਿੱਚੋਂ ਕੁਝ ਹੁੱਲੜਬਾਜ਼ੀ ਕਰਨ ਲੱਗੇ। ਮੁਹੱਲੇ ਵਿੱਚ ਸ਼ੋਰ-ਸ਼ਰਾਬਾ ਸੁਣ ਕੇ ਲੋਕ ਘਰਾਂ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੂੰ ਮਨ੍ਹਾ ਕੀਤਾ ਤਾਂ ਨੌਜਵਾਨਾਂ ਨੇ ਫਾਇਰ ਕਰਨੇ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ।
ਨੌਜਵਾਨਾਂ ਨੇ ਇਸ ਕਦਰ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਕਿ ਲੋਕਾਂ ਨੂੰ ਆਪਣੇ ਬਚਾਅ ਲਈ ਇਧਰ-ਉਧਰ ਭੱਜਣਾ ਪਿਆ। ਇਸੇ ਵਿਚਾਲੇ ਮੁਹੱਲੇ ਦੇ ਇੱਕ ਨੌਜਵਾਨ ਪਰਮਿੰਦਰ ਸਿੰਘ ਦੀ ਬਾਂਹ ਨੂੰ ਛੂਹੰਦੀ ਹੋਈ ਗੋਲੀ ਨਿਕਲ ਗਈ। ਮੁਹੱਲੇ ਵਾਲਿਆਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁਹੱਲੇ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਤੋੜਫੋੜ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਘਰਾਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਘਟਨਾ ਦੇ ਕੁਝ ਦੇਰ ਬਾਅਦ ਥਾਣਾ ਟਿੱਬਾ ਦੀ ਪੁਲਿਸ ਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਜਾਂਚ ਕਰਨ ਪਹੁੰਚੇ। ਲੋਕਾਂ ਦੀ ਮੰਗ ਹੈ ਕਿ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇ.ਸੀ.ਪੀ. ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ। ਮੁਹੱਲੇ ਦੇ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਗਈ। ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਦੋਸ਼ੀਆਂ ਨੂੰ ਜਲਦ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।