ਪੰਜਾਬ ਵਿਚ ਹੁਣ ਸਾਬਕਾ ਵਿਧਾਇਕਾਂ ਨੂੰ ਸਿਰਫ ਇਕ ਹੀ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਵੱਲੋਂ ‘ਇਕ ਵਿਧਾਇਕ ਇਕ ਪੈਨਸ਼ਨ’ ਦੇ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੈਨੂੰ ਪੰਜਾਬੀਆਂ ਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਜਪਾਲ ਸਾਹਿਬ ਨੇ ਇਕ ਵਿਧਾਇਕ ਇਕ ਪੈਨਸ਼ਨ ਵਾਲੇ ਗਜਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਲੋਕਾਂ ਦੇ ਟੈਕਸ ਦਾ ਬਹੁਤ ਪੈਸਾ ਬਚੇਗਾ।
2 ਮਈ ਨੂੰ ਭਗਵੰਤ ਮਾਨ ਨੇ ਕੈਬਨਿਟ ਵਿਚ ਇਕ ਵਿਧਾਇਕ ਇਕ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਬਾਅਦ ਰਾਜਪਾਲ ਨੂੰ ਫਾਈਲ ਭੇਜੀ ਗਈ ਸੀ ਪਰ ਰਾਜਪਾਲ ਨੇ ਇਹ ਕਹਿੰਦੇ ਹੋਏ ਫਾਈਲ ਵਾਪਸ ਕਰ ਦਿੱਤੀ ਸੀ ਕਿ ਇਸ ਸਬੰਧ ਵਿਚ ਵਿਧਾਨ ਸਭਾ ਵਿਚ ਬਿੱਲ ਪੇਸ਼ ਕੀਤਾ ਜਾਵੇ।
ਸੂਬੇ ਵਿਚ ਹੁਣ ਤੱਕ ਹਰ ਕਾਰਜਕਾਲ ਦੀ ਵੱਖ-ਵੱਖ ਪੈਨਸ਼ਨ ਮਿਲਦੀ ਸੀ। ਮਤਲਬ ਜੇਕਰ ਕੋਈ ਨੇਤਾ 5 ਵਾਰ ਵਿਧਾਇਕ ਰਿਹਾ ਤਾਂ ਉਸ ਨੂੰ 5 ਪੈਨਸ਼ਨਾਂ ਮਿਲਦੀਆਂ ਸੀ ਪਰ ਹੁਣ ਇਕ ਹੀ ਪੈਨਸ਼ਨ ਮਿਲੇਗੀ। ਵਿਧਾਇਕਾਂ ਦੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਹੁਣ ਵਿਧਾਇਕਾਂ ਨੂੰ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ 60 ਹਜ਼ਾਰ ਰੁਪਏ ਪੈਨਸ਼ਨ ਤੇ ਡੀਏ ਹੀ ਮਿਲੇਗਾ।
ਪੰਜਾਬ ਵਿਚ ਵਿਧਾਇਕਾਂ ਕੋਲ ਇਕ ਤੋਂ ਜ਼ਿਆਦਾ ਪੈਨਸ਼ਨ ਜਾ ਰਹੀ ਸੀ ਜਿਸ ਕਾਰਨ ਸਰਕਾਰ ‘ਤੇ 19.53 ਕਰੋੜ ਦਾ ਵਿੱਤੀ ਬੋਝ ਹਰ ਸਾਲ ਪੈ ਰਿਹਾ ਸੀ। ਕਈ ਸਾਬਕਾ ਵਿਧਾਇਕ ਤਾਂ ਅਜਿਹੇ ਵੀ ਹਨ ਜਿਨ੍ਹਾਂ ਦੀ ਪੈਨਸ਼ਨ 5 ਲੱਖ ਰੁਪਏ ਤੱਕ ਬਣ ਰਹੀ ਸੀ। ਸਰਕਾਰ ਦੇ ਇਸ ਫੈਸਲੇ ਨਾਲ ਹਰ ਸਾਲ ਖਜ਼ਾਨੇ ‘ਤੇ ਕਰੋੜਾਂ ਰੁਪਏ ਦਾ ਬੋਝ ਘੱਟ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: