ਏਅਰ ਇੰਡੀਆ ਨੇ ਫੁਕੇਤ-ਦਿੱਲੀ ਉਡਾਣ AI-2379 ਦੇ ਪਾਇਲਟ-ਇਨ-ਕਮਾਂਡ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਕਾਰਵਾਈ ਡਰੱਗ ਟੈਸਟ ਵਿੱਚ ਸਾਇਕੋਐਕਟਿਵ ਪਦਾਰਥ ਦਾ ਨਤੀਜਾ ਪਾਜ਼ੀਟਿਵ ਆਉਣ ਤੋਂ ਬਾਅਦ ਕੀਤੀ ਗਈ। ਕੰਪਨੀ ਨੇ ਇਸ ਨੂੰ ਸੁਰੱਖਿਆ ਨਿਯਮਾਂ ਅਤੇ ਰੈਗੂਲੇਟਰੀ ਜ਼ਰੂਰਤਾਂ ਸੰਬੰਧੀ ਆਪਣੀ ਜ਼ੀਰੋ-ਟੌਲਰੈਂਸ ਨੀਤੀ ਦੇ ਅਨੁਸਾਰ ਕੀਤੀ ਹੈ।
ਏਅਰ ਇੰਡੀਆ ਨੇ X ‘ਤੇ ਕਿਹਾ ਕਿ ਪਾਇਲਟ ਦਾ ਸਾਇਕੋਐਕਟਿਵ ਪਦਾਰਥ ਟੈਸਟ ਪਾਜ਼ੀਟਿਵ ਆਇਆ ਸੀ। ਇਸ ਤੋਂ ਬਾਅਦ ਉਸ ਦੀ ਨੌਕਰੀ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਗਈ। ਏਅਰ ਇੰਡੀਆ ਮੁਤਾਬਕ ਸੁਰੱਖਿਆ, ਫਿਟਨੈੱਸ ਅਤੇ ਰੈਗੂਲੇਟਰੀ ਜ਼ਰੂਰਤਾਂ ਦੀ ਉਲੰਘਣਾ ਲਈ ਜ਼ੀਰੋ-ਟੌਲਰੈਂਸ ਨੀਤੀ ਹੈ, ਅਤੇ ਇਸ ਦੇ ਨਤੀਜੇ ਵਜੋਂ ਪਾਇਲਟ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ।

ਫੁਕੇਟ-ਦਿੱਲੀ ਉਡਾਣ ‘ਤੇ ਕੀ ਹੋਇਆ?
4 ਅਗਸਤ, 2026 ਨੂੰ, ਏਅਰ ਇੰਡੀਆ ਦੀ ਉਡਾਣ AI-2379 ਫੁਕੇਟ ਤੋਂ ਦਿੱਲੀ ਜਾ ਰਹੀ ਸੀ। ਏਅਰਬੱਸ A320neo ਜਹਾਜ਼ ਵਿੱਚ 137 ਯਾਤਰੀ ਸਵਾਰ ਸਨ। ਜਹਾਜ਼ ਵਿੱਚ ਛੇ ਕੈਬਿਨ ਕਰੂ ਅਤੇ ਦੋ ਪਾਇਲਟ ਵੀ ਸਨ। ਜਹਾਜ਼ ਲਗਭਗ 36,000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ ਜਦੋਂ ਕੁਝ ਸਕਿੰਟਾਂ ਦੇ ਅੰਦਰ ਤਿੰਨੋਂ ਹਾਈਡ੍ਰੌਲਿਕ ਸਿਸਟਮ ਇੱਕ ਤੋਂ ਬਾਅਦ ਇੱਕ ਫੇਲ੍ਹ ਹੋ ਗਏ। ਫਿਰ ਆਟੋਪਾਇਲਟ ਬੰਦ ਹੋ ਗਿਆ। ਲਗਭਗ ਦੋ ਸਕਿੰਟਾਂ ਲਈ ਇੱਕ ਸਟਾਲ ਵਾਰਨਿੰਗ ਸੁਣਾਈ ਦਿੱਤੀ।
ਜਹਾਜ਼ ਸ਼ੁਰੂ ਵਿੱਚ ਲਗਭਗ 372 ਫੁੱਟ ਉਪਰ ਗਿਆ, ਫਿਰ ਲਗਭਗ 292 ਫੁੱਟ ‘ਤੇ ਹੇਠਾਂ ਆ ਗਿਆ। ਉਸ ਸਮੇਂ ਸੀਟ ਬੈਲਟ ਦਾ ਸਾਈਨ ਬੰਦ ਸੀ। ਅਚਾਨਕ ਤਬਦੀਲੀ ਨਾਲ 24 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ 20 ਯਾਤਰੀ ਅਤੇ ਚਾਰ ਕੈਬਿਨ ਕਰੂ ਸ਼ਾਮਲ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਜਨਮ ਅਸ਼ਟਮੀ ਦੀ ਧੂਮ, ਲਾਈਟਾਂ ਨਾਲ ਸਜੇ ਮੰਦਰ, ਦਰਸ਼ਨਾਂ ਲਈ ਉਮੜੇ ਸ਼ਰਧਾਲੂ
ਸ਼ੁਰੂ ਵਿੱਚ ਗੜਬੜੀ ਨੂੰ ਖਰਾਬ ਮੌਸਮ ਅਤੇ ਟਰਬੂਲੈਂਸ ਨਾਲ ਜੁੜਿਆ ਮੰਨਿਆ ਗਿਆ ਸੀ। ਹਾਲਾਂਕਿ, ਜਹਾਜ਼ ਵਿਚ ਲੋਕਾਂ ਦੇ ਜ਼ਖਮੀ ਹੋਣ ਤੇ ਨੁਕਸਾਨ ਨੂੰ ਵੇਖਦੇ ਹੋਏ ਮਾਮਲੇ ਦੀ ਜਾਂਚ ਹਾਦਸੇ ਵਜੋਂ ਸ਼ੁਰੂ ਕੀਤੀ ਗਈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਹੁਣ ਆਪਣੀ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ।
ਰਿਪੋਰਟ ਵਿੱਚ ਹਾਈਡ੍ਰੌਲਿਕ ਸਿਸਟਮ ਦੇ ਫੇਲ੍ਹ ਹੋਣ ਨਾਲ ਪਾਇਲਟ ਦੀ ਡਰੱਗ ਟੈਸਟ ਰਿਪੋਰਟ ਦਾ ਜ਼ਿਕਰ ਹੈ। ਰਿਪੋਰਟਾਂ ਮੁਤਾਬਕ ਜਹਾਜ਼ ਵਿੱਚ 145 ਲੋਕ ਸਵਾਰ ਸਨ ਅਤੇ ਤਿੰਨੋਂ ਹਾਈਡ੍ਰੌਲਿਕ ਸਿਸਟਮ ਲਗਭਗ 36,000 ਫੁੱਟ ਦੀ ਉਚਾਈ ‘ਤੇ ਉੱਡਦੇ ਸਮੇਂ ਲਗਭਗ ਇੱਕੋ ਸਮੇਂ ਫੇਲ੍ਹ ਹੋ ਗਏ। ਇਸ ਕਾਰਨ ਆਟੋਪਾਇਲਟ ਡਿਸਕਨੈਕਟ ਹੋ ਗਿਆ ਅਤੇ ਥੋੜ੍ਹੇ ਸਮੇਂ ਲਈ ਸਟਾਲ ਵਾਰਨਿੰਗ ਮਿਲੀ।
ਦਿੱਲੀ ਵਿੱਚ ਉਤਰਨ ਤੋਂ ਬਾਅਦ ਦੋਵਾਂ ਪਾਇਲਟਾਂ ਦੀ ਮੈਡੀਕਲ ਜਾਂਚ ਕੀਤੀ ਗਈ। ਦੋਵਾਂ ਪਾਇਲਟਾਂ ਲਈ ਬ੍ਰੇਥ ਐਨਾਲਾਇਜ਼ਰ ਟੈਸਟ ਵਿਚ ਦੋਵਾਂ ਦੇ ਨਤੀਜੇ ਆਮ ਸਨ। ਪਰ ਸਾਇਕੋਐਕਟਿਵ ਪਦਾਰਥ ਦੀ ਜਾਂਚ ਵਿਚ ਪਾਇਲਟ-ਇਨ-ਕਮਾਂ ਦਾ ਸੈਂਪਲ ਨਾਨ-ਨੈਗੇਟਿਵ ਆਇਆ। ਕੋ-ਪਾਇਲਟ ਦਾ ਸੈਂਪਲ ਨੈਗੇਟਿਵ ਸੀ। ਇਸ ਤੋਂ ਬਾਅਦ ਬਲੱਡ ਸੈਂਪਲ ਦੀ ਕਨਫਰਮੇਟਰੀ ਜਾਂਚ ਹੋਈ। ਇਸ ਵਿਚ ਵੀ ਪਾਇਲਟ-ਇਨ-ਕਮਾਂਡ ਦਾ ਨਤੀਜਾ ਨਾਨ-ਨੈਗੇਟਿਵ ਰਿਹਾ, ਜਦਕਿ ਕੋ-ਪਾਇਲਟ ਦਾ ਟੈਸਟ ਨੈਗੇਟਿਵ ਆਇਆ। ਪਾਇਲਟ-ਇਨ-ਕਮਾਂਡ ਦੀ ਉਮਰ 34 ਸਾਲ ਹੈ। AAIB ਨੇ ਇਸ ਨਤੀਜੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਬਿਊਰੋ ਨੇ ਡੀਜੀਸੀਏ ਨਾਲ ਤਰਜੀਹ ਦੇ ਆਧਾਰ ‘ਤੇ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ ਹੈ।







