ਦੀਵਾਲੀ ਦਾ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਪਰ ਬਰੇਟਾ ਸ਼ਹਿਰ ਦੇ ਇੱਕ ਪਰਿਵਾਰ ਲਈ ਇਸ ਵਾਰ ਦੀ ਦੀਵਾਲੀ ਜ਼ਿੰਦਗੀ ਦੀ ਸਭ ਤੋਂ ਯਾਦਗਾਰ ਦੀਵਾਲੀ ਬਣ ਗਈ। ਪਰਿਵਾਰ ਨੂੰ ਇੱਕੋ ਸਮੇਂ ਦੋਹਰੀਆਂ ਖੁਸ਼ੀਆਂ ਮਿਲੀਆਂ। ਇੱਕ ਪਾਸੇ ਘਰ ਵਿੱਚ ਨੰਨ੍ਹੀ ਪਰੀ ਨੇ ਜਨਮ ਲਿਆ, ਦੂਜੇ ਪਾਸੇ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਪਰਿਵਾਰ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ।
ਬਰੇਟਾ ਵਾਸੀ ਯੁੱਧਵੀਰ ਸਿੰਘ ਆਪਣੀ ਪਤਨੀ ਦੇ ਜਣੇਪੇ ਸਬੰਧੀ ਬੀਤੇ ਦਿਨ ਬੁਢਲਾਡਾ ਆਏ ਹੋਏ ਸਨ। ਮਾਨਸਾ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਡਾਕਟਰ ਤੋਂ ਜਣੇਪੇ ਲਈ ਸਮਾਂ ਲਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਬੁਢਲਾਡਾ ਦੇ ਆਈ.ਟੀ.ਆਈ. ਚੌਕ ਵਿਖੇ ਰੁਕੇ ਤਾਂ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਪਤਨੀ ਦੇ ਨਾਮ ਦੀ ਇੱਕ ਲਾਟਰੀ ਖਰੀਦੀ ਜਾਵੇ।
ਬਸ ਫਿਰ ਕੀ ਸੀ, ਉਨ੍ਹਾਂ ਨੇ ਧੰਨਾ ਸਿੰਘ ਲਾਟਰੀ ਸਟਾਲ ਤੋਂ 200 ਰੁਪਏ ਦੀ ਲਾਟਰੀ ਖਰੀਦੀ ਅਤੇ ਮਾਨਸਾ ਹਸਪਤਾਲ ਲਈ ਰਵਾਨਾ ਹੋ ਗਏ। ਪਰਿਵਾਰ ਦੀਆਂ ਮੁਸ਼ਕਲਾਂ ਵੀ ਇਸ ਖੁਸ਼ੀ ਦੇ ਵਿਚਕਾਰ ਘੱਟ ਨਹੀਂ ਸਨ। ਯੁੱਧਵੀਰ ਸਿੰਘ ਮੁਤਾਬਕ ਹਸਪਤਾਲ ਵਿੱਚ ਡਾਕਟਰ ਵੱਲੋਂ ਦੱਸੇ ਗਏ ਖਰਚੇ ਵਿੱਚੋਂ ਉਨ੍ਹਾਂ ਕੋਲ ਪੰਜ ਹਜ਼ਾਰ ਰੁਪਏ ਘੱਟ ਸਨ। ਉਨ੍ਹਾਂ ਨੇ ਡਾਕਟਰ ਅੱਗੇ ਮਿੰਨਤਾਂ ਕਰਕੇ ਕੁਝ ਰਿਆਇਤ ਦੇਣ ਦੀ ਬੇਨਤੀ ਵੀ ਕੀਤੀ, ਪਰ ਗੱਲ ਨਹੀਂ ਬਣੀ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਕਬਾੜ ਦੇ ਗੋਦਾਮ ‘ਚ ਲੱਗੀ ਅੱ/ਗ, 3 ਦੁਕਾਨਾਂ ਵੀ ਲਪੇਟ ‘ਚ ਆਈਆਂ, ਦੁਕਾਨਾਂ ਦਾ ਸਾਮਾਨ ਸ/ੜ ਕੇ ਹੋਇਆ ਸੁਆਹ
ਇਸੇ ਦੌਰਾਨ ਇੱਕ ਪਾਸੇ ਉਨ੍ਹਾਂ ਦੇ ਘਰ ਨੰਨ੍ਹੀ ਧੀ ਨੇ ਜਨਮ ਲਿਆ ਅਤੇ ਦੂਜੇ ਪਾਸੇ ਮੋਬਾਈਲ ਫੋਨ ‘ਤੇ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲਣ ਦੀ ਖ਼ਬਰ ਆ ਗਈ।ਇੱਕੋ ਸਮੇਂ ਮਿਲੀਆਂ ਇਨ੍ਹਾਂ ਦੋ ਵੱਡੀਆਂ ਖੁਸ਼ੀਆਂ ਨੇ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਲਿਆ ਦਿੱਤੇ। ਯੁੱਧਵੀਰ ਸਿੰਘ ਲਈ ਇਹ ਦੀਵਾਲੀ ਸੱਚਮੁੱਚ ਦੋਹਰੀ ਖੁਸ਼ੀ ਲੈ ਕੇ ਆਈ, ਜਿੱਥੇ ਘਰ ਵਿੱਚ ਲਕਸ਼ਮੀ ਦੇ ਰੂਪ ਵਿੱਚ ਧੀ ਨੇ ਜਨਮ ਲਿਆ, ਉੱਥੇ ਹੀ ਕਿਸਮਤ ਨੇ ਵੀ ਡੇਢ ਕਰੋੜ ਰੁਪਏ ਦਾ ਤੋਹਫ਼ਾ ਦੇ ਦਿੱਤਾ। ਅੱਜ ਜਦੋਂ ਯੁੱਧਵੀਰ ਸਿੰਘ ਆਪਣੇ ਪਰਿਵਾਰ ਸਮੇਤ ਬੁਢਲਾਡਾ ਦੇ ਧੰਨਾ ਸਿੰਘ ਲਾਟਰੀ ਸਟਾਲ ਵਿਖੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਜ਼ੁਬਾਨੀ ਇਸ ਅਣਕਿਆਸੀ ਖੁਸ਼ੀ ਦੀ ਕਹਾਣੀ ਸਾਂਝੀ ਕੀਤੀ।







