Health department bans : ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਅਧੀਨ ਸਾਰੇ ਅਧਿਕਾਰੀਆਂ/ ਮੈਡੀਕਲ ਸਟਾਫ/ ਪੈਰਾ ਮੈਡੀਕਲ ਸਟਾਫ ਦੇ ਵਿਭਾਗੀ ਬਦਲੀਆਂ ਅਤੇ ਛੁੱਟੀ ’ਤੇ 30 ਸਤੰਬਰ ਤੱਕ ਪੂਰੀ ਤਰ੍ਹਾਂ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਸਿਰਫ ਬਹੁਤ ਜ਼ਰੂਰੀ ਛੁੱਟੀ ਹੀ ਮਨਜ਼ੂਰ ਕੀਤੀ ਜਾਵੇਗੀ। ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਰੈਗੂਲਰ ਅਫਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿਚ ਠੇਕੇ/ਆਊਟਸੋਰਸਿੰਗ ਦੇ ਅਧਾਰ ’ਤੇ ਕੰਮ ਕਰ ਰਹੇ ਸਾਰਿਆਂ ਮੁਲਾਜ਼ਮਾਂ ’ਤੇ ਲਾਗੂ ਹੋਣਗੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਕਿ ਕਰੋਨਾ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਵਧੀਆ ਢੰਗ ਨਾਲ ਨਜਿੱਠਣ ਲਈ ਸਾਰੇ ਅਧਿਕਾਰੀਆਂ/ਮੈਡੀਕਲ ਸਟਾਫ/ਪੈਰਾ ਮੈਡੀਕਲ ਸਟਾਫ ਦਾ ਆਪਣੇ ਸਟੇਸ਼ਨਾਂ ’ਤੇ ਤਾਇਨਾਤ ਰਹਿਣਾ ਜ਼ਰੂਰੀ ਹੋ ਗਿਆ ਹੈ। ਇਸ ਦੌਰਾਨ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਵੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ ਮੈਟਰਨਟੀ ਲੀਵ ਅਤੇ ਅਤੀ ਜ਼ਰੂਰੀ ਕਾਰਣ ਕਰਕੇ ਚਾਈਲਡ ਕੇਅਰ ਲੀਵ ਕੇਸਾਂ ਵਿਚ ਹੀ ਛੁੱਟੀ ਸਬੰਧੀ ਛੋਟ ਹੋਵੇਗੀ।