ਅੱਜ ਤੜਕੇ ਪੰਜਾਬ ਦੇ ਲੁਧਿਆਣਾ ‘ਚ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਟੀਮ ਨੇ ਮਨੀ ਰਾਮ ਬਲਵੰਤ ਰਾਏ ਨੇੜੇ ਪੈਵੇਲੀਅਨ ਮਾਲ, ਆਰਤੀ ਚੌਕ ਸਥਿਤ ਸਰਦਾਰ ਜਵੈਲਰਜ਼ ਅਤੇ ਮਾਲ ਰੋਡ ’ਤੇ ਨਿੱਕਾਮਲ ਜਿਊਲਰਜ਼ ’ਤੇ ਛਾਪਾ ਮਾਰਿਆ ਹੈ। ਆਮਦਨ ਕਰ ਵਿਭਾਗ ਦੀਆਂ ਟੀਮਾਂ ਸਵੇਰੇ 5 ਵਜੇ ਲੁਧਿਆਣਾ ਪਹੁੰਚ ਗਈਆਂ ਸਨ। ਜਾਣਕਾਰੀ ਅਨੁਸਾਰ ਛਾਪੇਮਾਰੀ ਕਰਨ ਲਈ ਟੀਮ ਮੈਂਬਰਾਂ ਨੇ ਬਾਹਰਲੇ ਸ਼ਹਿਰਾਂ ਤੋਂ ਵਾਹਨਾਂ ਦੀ ਵਰਤੋਂ ਕੀਤੀ ਸੀ ਤਾਂ ਜੋ ਛਾਪੇਮਾਰੀ ਦੀ ਸੂਚਨਾ ਪਹਿਲਾਂ ਲੀਕ ਨਾ ਹੋ ਸਕੇ।
ਦੱਸ ਦੇਈਏ ਕਿ ਛਾਪੇ ਮਾਰੇ ਗਏ ਇਨ੍ਹਾਂ ਤਿੰਨੋਂ ਥਾਵਾਂ ’ਤੇ ਕਰੀਬ 30 ਤੋਂ 40 ਸਟਾਫ ਵੱਲੋਂ ਪਿਛਲੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਬੈਂਕ ਖਾਤਿਆਂ ਦੇ ਵੇਰਵਿਆਂ ਅਤੇ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਛਾਪੇਮਾਰੀ ਤੋਂ ਪਹਿਲਾਂ ਇਨਕਮ ਟੈਕਸ ਦੀ ਟੀਮ ਨੇ ਇਲਾਕਾ ਪੁਲਿਸ ਦੀ ਮਦਦ ਲਈ ਸੀ। ਤਿੰਨਾਂ ਥਾਵਾਂ ‘ਤੇ ਸੁਰੱਖਿਆ ਹੇਠ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜ਼ੀਰਕਪੁਰ ‘ਚ 15 ਸਾਲਾ ਨਾਬਾਲਗ ਬਣੀ ਮਾਂ, ਪੇਟ ‘ਚ ਦਰਦ ਹੋਣ ‘ਤੇ ਗਰਭਵਤੀ ਹੋਣ ਦਾ ਲੱਗਾ ਪਤਾ
ਲੁਧਿਆਣਾ ਤੋਂ ਇਲਾਵਾ ਜਲੰਧਰ, ਦਿੱਲੀ ਆਦਿ ਸ਼ਹਿਰਾਂ ਦੇ ਵੱਡੇ-ਵੱਡੇ ਜਿਊਲਰਾਂ ਦੇ ਘਰਾਂ ਅਤੇ ਕਾਸਮੈਟਿਕ ਸਟੋਰਾਂ ‘ਚ ਛਾਪੇਮਾਰੀ ਨੇ ਕਾਰਪੋਰੇਟ ਖੇਤਰ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਇਹ ਛਾਪੇਮਾਰੀ ਇਨਕਮ ਟੈਕਸ ਵਿੱਚ ਹੇਰਾਫੇਰੀ ਕਾਰਨ ਹੋਈ ਹੈ। ਛਾਪੇਮਾਰੀ ਦੀ ਸੂਚਨਾ ਨਾਲ ਸ਼ਹਿਰ ਦੇ ਕਈ ਕਾਰੋਬਾਰੀਆਂ ‘ਚ ਹੜਕੰਪ ਮਚ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: