ਯੂਪੀ ਵਿੱਚ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਠੰਡ ਸ਼ੁਰੂ ਹੁੰਦਿਆਂ ਹੀ ਸੜਕ ਹਾਦਸੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਲਖਨਊ-ਬਹਿਰੀਚ ਹਾਈਵੇਅ ‘ਤੇ ਬੁੱਧਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿੱਥੇ ਰੋਡਵੇਜ਼ ਦੀ ਬੱਸ ਨੂੰ ਸਾਈਡ ਤੋਂ ਆਏ ਟਰੱਕ ਨੇ ਟੱਕਰ ਮਾਰ ਦਿੱਤੀ । ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 15 ਯਾਤਰੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜ਼ਖਮੀ ਲੋਕਾਂ ਵਿੱਚੋਂ 4 ਦੀ ਹਾਲਤ ਨਾਜ਼ੁਕ ਹੈ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਗੰਭੀਰ ਜ਼ਖਮੀਆਂ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਤੜਕੇ ਕਰੀਬ ਸਾਢੇ ਚਾਰ ਵਜੇ ਵਾਪਰਿਆ, ਜਦੋਂ ਧੁੰਦ ਕਾਰਨ ਤੇਜ਼ ਰਫ਼ਤਾਰ ਟਰੱਕ ਨੇ ਲਖਨਊ ਈਦਗਾਹ ਡਿਪੂ ਦੇ ਰੋਡਵੇਜ਼ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ । ਇਹ ਹਾਦਸਾ ਜਰਵਲ ਥਾਣਾ ਖੇਤਰ ਦੇ ਘਰਘਰਾ ਘਾਟ ਨੇੜੇ ਵਾਪਰਿਆ । ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੀਓ ਅਤੇ ਐਸਡੀਐਮ ਕੈਸਰਗੰਜ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ।
ਇਹ ਵੀ ਪੜ੍ਹੋ: ਮਾਤਮ ‘ਚ ਬਦਲਿਆ ਖੁਸ਼ੀ ਦਾ ਮਾਹੌਲ, ਭਤੀਜੇ ਦੇ ਵਿਆਹ ‘ਚ ਡਾਂਸ ਕਰਦਿਆਂ ਆਇਆ ਅਟੈਕ, ਹੋਈ ਮੌਤ
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਸ਼ਿਕਾਰ ਹੋਈ ਬੱਸ ਲਖਨਊ ਤੋਂ ਬਹਿਰੀਚ ਜਾ ਰਹੀ ਸੀ। ਹਾਦਸੇ ਮਗਰੋਂ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਟਰੱਕ ਦੀ ਭਾਲ ਕਰ ਰਹੀ ਹੈ । ਪੁਲਿਸ ਵੱਲੋਂ ਟਰੱਕ ਦੀ ਪਛਾਣ ਕਰਨ ਲਈ ਨੇੜਲੇ ਢਾਬਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐੱਮ ਡਾ. ਦਿਨੇਸ਼ ਚੰਦਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਗਲਤ ਸਾਈਡ ਤੋਂ ਆਉਣ ਕਾਰਨ ਵਾਪਰਿਆ ਹੈ। ਇਸ ਮਾਮਲੇ ਵਿੱਚ ਟਰੱਕ ਦੀ ਤਲਾਸ਼ ਜਾਰੀ ਹੈ।
ਦੱਸ ਦੇਈਏ ਕਿ ਇਸ ਘਟਨਾ ‘ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਹਿਰੀਚ ਸੜਕ ਹਾਦਸੇ ‘ਚ ਜਾਨੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ । ਉਨ੍ਹਾਂ ਨੇ ਡੀਐਮ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ।
ਵੀਡੀਓ ਲਈ ਕਲਿੱਕ ਕਰੋ -: