ਪੰਜਾਬ ਵਿੱਚ ਸਰਹੱਦ ‘ਤੇ ਤਾਇਨਾਤ ਬਾਰਡਰ ਸਿਕਓਰਿਟੀ ਫੋਰਸ (BSF) ਦੇ ਜਵਾਨਾਂ ਨੇ ਇੱਕ ਹੋਰ ਪਾਕਿਸਤਾਨੀ ਡਰੋਨ ਨੂੰ ਸੁੱਟਣ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹ ਡਰੋਨ ਰਾਤ 8 ਵਜੇ ਦੇ ਕਰੀਬ ਫਿਰੋਜ਼ਪੁਰ ਸੈਕਟਰ ਦੇ ਰਸਤੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ । ਫਾਇਰਿੰਗ ਤੋਂ ਬਾਅਦ ਸਵੇਰੇ ਸਰਚ ਮੁਹਿੰਮ ਚਲਾਈ ਗਈ ਤਾਂ ਡਰੋਨ ਖੇਤਾਂ ਵਿੱਚ ਡਿੱਗਿਆ ਮਿਲਿਆ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸੈਕਟਰ ਅਧੀਨ ਬੀਓਪੀ ਹਰਭਜਨ ਵਿਖੇ ਬੀਤੀ ਰਾਤ 8 ਵਜੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਬਟਾਲੀਅਨ 101 ਦੇ ਜਵਾਨ ਚੌਕਸ ਹੋ ਗਏ ਅਤੇ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੇ ਇਸ ਘਟਨਾ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।
ਜਿਸ ਤੋਂ ਬਾਅਦ BSF ਦੇ ਜਵਾਨਾਂ ਵੱਲੋਂ ਸਵੇਰੇ ਸਰਹੱਦ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ । ਜਵਾਨਾਂ ਨੂੰ ਬੀਓਪੀ ਹਰਭਜਨ ਦੇ ਖੇਤ ਨੰਬਰ 3 ਵਿੱਚ ਟੁੱਟਿਆ ਹੋਇਆ ਡਰੋਨ ਮਿਲਿਆ। ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਨੂੰ ਜਾਂਚ ਲਈ ਭੇਜਿਆ ਜਾਵੇਗਾ, ਤਾਂ ਜੋ ਇਸ ਦੀ ਗਤੀਵਿਧੀ ਦੇ ਵੇਰਵੇ ਬਰਾਮਦ ਕੀਤੇ ਜਾ ਸਕਣ।
ਇਹ ਵੀ ਪੜ੍ਹੋ: ਚੀਨ ‘ਚ ਕਹਿਰ ਦਾ ਕਾਰਨ ਬਣੇ ਓਮੀਕ੍ਰਾਨ ਸਬ-ਵੈਰੀਐਂਟ BF.7 ਦੇ ਚਾਰ ਮਾਮਲੇ ਭਾਰਤ ‘ਚ ਵੀ ਮਿਲੇ
ਦੱਸ ਦੇਈਏ ਕਿ ਬੀਐਸਐਫ ਨੇ ਦੋ ਦਿਨਾਂ ਵਿੱਚ ਡਰੋਨ ਨੂੰ ਸੁੱਟਣ ਦੀ ਦੂਜੀ ਸਫ਼ਲਤਾ ਹਾਸਲ ਕੀਤੀ ਹੈ । ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਹੀ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਡਰੋਨ ਸੁੱਟਿਆ ਸੀ, ਹਾਲਾਂਕਿ ਇਹ ਡਰੋਨ ਪਾਕਿਸਤਾਨੀ ਸਰਹੱਦ ਵਿੱਚ 20 ਮੀਟਰ ਅੰਦਰ ਜਾ ਡਿੱਗਿਆ ਸੀ । ਉੱਥੇ ਹੀ ਫਿਰੋਜ਼ਪੁਰ ਸੈਕਟਰ ਵਿੱਚ ਤਸਕਰਾਂ ਨਾਲ ਬੀਐਸਐਫ ਦੇ ਜਵਾਨਾਂ ਦਾ ਮੁਕਾਬਲਾ ਵੀ ਹੋਇਆ ਅਤੇ ਜਵਾਨਾਂ ਨੇ 25 ਕਿਲੋ ਹੈਰੋਇਨ ਦੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: