ਪੰਜਾਬ ਭਰ ਵਿੱਚ ਅੱਜ 108 ਐਂਬੂਲੈਂਸ ਸੇਵਾ ਨਹੀਂ ਚੱਲੇਗੀ। ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 72 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦੀ ਹੜਤਾਲ ਅੱਗੇ ਵਧ ਸਕਦੀ ਹੈ। ਇਸੇ ਦੌਰਾਨ ਠੇਕੇ ’ਤੇ 108 ਐਂਬੂਲੈਂਸ ਸੇਵਾ ਚਲਾ ਰਹੀ ਕੰਪਨੀ ਜਿਕਿਤਸਾ ਹੈਲਥਕੇਅਰ ਨੇ ਮੁਲਾਜ਼ਮਾਂ ਦੀ ਹੜਤਾਲ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ।
ਕੰਪਨੀ ਨੇ ਕਿਹਾ ਹੈ ਕਿ ਕਰਮਚਾਰੀ ਕੰਮ ‘ਤੇ ਵਾਪਸ ਆਉਣ ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਦੋਂ ਐਂਬੂਲੈਂਸ ਸਰਕਾਰੀ ਹੈ ਤਾਂ ਉਨ੍ਹਾਂ ਨੂੰ ਵੀ ਠੇਕਾ ਪ੍ਰਥਾ ਤੋਂ ਮੁਕਤ ਕਰਕੇ ਵਿਭਾਗ ਵਿੱਚ ਰਲੇਵਾਂ ਕੀਤਾ ਜਾਵੇ। ਪ੍ਰਧਾਨ ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਹਰਿਆਣਾ ਦੀ ਤਰਜ਼ ‘ਤੇ ਤਨਖਾਹ ਅਤੇ ਭੱਤੇ ਦਿੱਤੇ ਜਾਣੇ ਚਾਹੀਦੇ ਹਨ। ਕੰਪਨੀ ਵੱਲੋਂ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਜਦੋਂਕਿ ਕੰਪਨੀ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮਾਪਦੰਡਾਂ ਮੁਤਾਬਕ ਤਨਖਾਹ ਦਿੱਤੀ ਜਾ ਰਹੀ ਹੈ। ਐਸੋਸੀਏਸ਼ਨ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਵਿਭਾਗ ਵਿੱਚ ਲੈ ਕੇ 10 ਫੀਸਦੀ ਵਾਧਾ ਦੇਵੇ। ਇਸ ਤੋਂ ਇਲਾਵਾ ਪਿਛਲੇ ਦਸ ਸਾਲਾਂ ਦੌਰਾਨ ਕੀਤੇ ਵਾਧੇ ਦੇ ਬਕਾਏ ਵਿਆਜ ਸਮੇਤ ਅਦਾ ਕੀਤੇ ਜਾਣ। ਸਾਰੇ ਕਰਮਚਾਰੀਆਂ ਦਾ 50 ਲੱਖ ਦਾ ਦੁਰਘਟਨਾ ਅਤੇ ਬਿਮਾਰੀ ਬੀਮਾ ਕੀਤਾ ਜਾਵੇ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਮੰਗ ਹੈ ਕਿ ਜੇਕਰ ਕੋਈ ਮੁਲਾਜ਼ਮ ਨੌਕਰੀ ਦੌਰਾਨ ਦੁਰਘਟਨਾ ਜਾਂ ਕਿਸੇ ਹੋਰ ਕਾਰਨ ਕਰਕੇ ਅਪਾਹਜ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਪੀੜਤ ਨੂੰ ਪੈਨਸ਼ਨ ਦੀ ਸਹੂਲਤ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ZHL ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਨੇ ਦੱਸਿਆ ਕਿ 108 ਐਂਬੂਲੈਂਸ ਸੇਵਾ ਵਿੱਚ ਲੱਗੇ ਕਰਮਚਾਰੀਆਂ ਦੀ ਤਨਖਾਹ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ। ਡੀਸੀ ਦਫ਼ਤਰ ਦੇ ਰੇਟ ਤਹਿਤ ਘੱਟੋ-ਘੱਟ ਉਜਰਤ ਨੋਟੀਫਿਕੇਸ਼ਨ ਅਨੁਸਾਰ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਮੁਲਾਜ਼ਮਾਂ ਦੇ ਬਕਾਏ ਸਮੇਤ ਤਨਖ਼ਾਹ ਵਿੱਚ ਵਾਧਾ ਕੀਤਾ ਗਿਆ ਹੈ। ਕਿਰਤ ਕਾਨੂੰਨਾਂ ਅਨੁਸਾਰ ਛੁੱਟੀ ਦਿੱਤੀ ਜਾਂਦੀ ਹੈ। ਬੱਤਰਾ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਕਰਮਚਾਰੀ ਹੜਤਾਲ ‘ਤੇ ਨਹੀਂ ਜਾਣਗੇ। ਜੇਕਰ ਉਹ ਐਮਰਜੈਂਸੀ ਸੇਵਾਵਾਂ ਵਿੱਚ ਵਿਘਨ ਪਾਉਂਦੇ ਹਨ, ਤਾਂ ਕੰਪਨੀ ਕਾਨੂੰਨ ਦੇ ਅਨੁਸਾਰ ਲੋੜੀਂਦੀ ਅਨੁਸ਼ਾਸਨੀ ਕਾਰਵਾਈ ਕਰੇਗੀ। ਉਨ੍ਹਾਂ ਨੇ ਕਰਮਚਾਰੀਆਂ ਨੂੰ ਕੰਮ ‘ਤੇ ਪਰਤਣ ਲਈ ਕਿਹਾ ਹੈ।