ਪੰਜਾਬ ਸਣੇ ਉੱਤਰ-ਪੱਛਮ ਦੇ ਸਾਰੇ ਸੂਬਿਆਂ ਵਿੱਚ ਫਰਵਰੀ ਦੇ ਮਹੀਨੇ ਵਿੱਚ ਹੀ ਅਪ੍ਰੈਲ ਵਰਗੀ ਗਰਮੀ ਦਾ ਅਹਿਸਾਸ ਹੋਣ ਲੱਗ ਗਿਆ ਹੈ। ਸਵੇਰ ਅਤੇ ਸ਼ਾਮ ਨੂੰ ਗੁਲਾਬੀ ਠੰਡ ਹੁੰਦੀ ਹੈ ਪਰ ਦੁਪਹਿਰ ਦੇ ਸਮੇਂ ਤੇਜ਼ ਗਰਮੀ ਪੈ ਰਹੀ ਹੈ। ਐਤਵਾਰ ਨੂੰ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ ਦਰਜ ਕੀਤਾ ਗਿਆ। ਸਵੇਰੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਵੀ ਦਰਜ ਕੀਤੀ ਗਈ। ਜਿਸ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਦਰਜ ਕੀਤੀ ਗਈ ਹੈ। ਪਿਛਲੇ ਦੋ ਦਿਨਾਂ ਤੋਂ ਅੰਸ਼ਕ ਤੌਰ ‘ਤੇ ਬੱਦਲ ਵੀ ਛਾਏ ਹੋਏ ਹਨ । ਤੇਜ਼ੀ ਨਾਲ ਵਧੇ ਤਾਪਮਾਨ ਨੇ ਕਿਸਾਨਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ । ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਫ਼ਸਲ ‘ਤੇ ਦਬਾਅ ਹੈ ਤਾਂ ਹਲਕੀ ਸਿੰਚਾਈ ਵੀ ਕੀਤੀ ਜਾ ਸਕਦੀ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਇਸ ਸਮੇਂ ਪੱਛਮੀ ਗੜਬੜੀ ਦਾ ਅਸਰ ਹੈ । ਇਸ ਕਾਰਨ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਮਾਝਾ ਅਤੇ ਦੁਆਬੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਹਾਲਾਂਕਿ ਇਸ ਦਾ ਜ਼ਿਆਦਾ ਅਸਰ ਨਹੀਂ ਪਵੇਗਾ । ਪੰਜਾਬ ਵਿੱਚ 1 ਫਰਵਰੀ ਤੋਂ ਮੌਸਮ ਖੁਸ਼ਕ ਬਣਿਆ ਹੋਇਆ ਹੈ। ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ। ਅਗਲੇ ਚਾਰ-ਪੰਜ ਦਿਨਾਂ ਤੱਕ ਰਾਹਤ ਦੀ ਕੋਈ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ: ਸਾਵਧਾਨ! ਯੂ-ਟਿਊਬ ‘ਤੇ ਵੀਡੀਓ ਲਾਈਕ ਕਰਨ ਦੇ ਚੱਕਰ ‘ਚ ਔਰਤ ਨੂੰ ਲੱਗਾ 10 ਲੱਖ ਦਾ ਚੂਨਾ
ਮੌਸਮ ਵਿਗਿਆਨੀਆਂ ਨੇ ਤਾਪਮਾਨ ਵਧਣ ਦੇ ਕਈ ਕਾਰਨ ਦੱਸੇ ਹਨ । ਪਹਾੜਾਂ ‘ਤੇ ਪੱਛਮੀ ਗੜਬੜੀ ਤਾਂ ਇੱਕ ਤੋਂ ਬਾਅਦ ਇੱਕ ਆ ਰਹੇ ਹਨ, ਪਰ ਉਨ੍ਹਾਂ ਦੀ ਤੀਬਰਤਾ ਬਹੁਤ ਕਮਜ਼ੋਰ ਹੈ। ਉਨ੍ਹਾਂ ਦੇ ਆਉਣ ਨਾਲ ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਰੁਕ ਗਈਆਂ ਹਨ । ਇੱਥੇ ਹਵਾਵਾਂ ਤਾਪਮਾਨ ਨੂੰ ਹੇਠਾਂ ਲਿਆਉਂਦੀਆਂ ਸਨ । ਇਨ੍ਹਾਂ ਹਵਾਵਾਂ ਦੀ ਥਾਂ ਹੁਣ ਗਰਮ ਖੇਤਰਾਂ ਤੋਂ ਆਉਣ ਵਾਲੀਆਂ ਦੱਖਣ-ਪੱਛਮੀ ਹਵਾਵਾਂ ਪੰਜਾਬ ਅਤੇ ਹੋਰ ਇਲਾਕਿਆਂ ਵਿੱਚ ਆ ਰਹੀਆਂ ਹਨ । ਇਸ ਕਾਰਨ ਤਾਪਮਾਨ ਦੇ ਨਾਲ-ਨਾਲ ਹਵਾਵਾਂ ਵਿੱਚ ਨਮੀ ਵੀ ਵਧ ਗਈ ਹੈ । ਹਵਾ ਵਿੱਚ ਨਮੀ ਦਾ ਪੱਧਰ 40 ਤੋਂ 80 ਫੀਸਦੀ ਤੱਕ ਪਹੁੰਚ ਗਿਆ ਹੈ। ਜਿਸ ਕਾਰਨ ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹਿੰਦੀ ਹੈ।
ਦੱਸ ਦੇਈਏ ਕਿ ਖੇਤੀ ਮਾਹਿਰਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਦੇ ਲਈ ਸਰਵੋਤਮ ਤਾਪਮਾਨ 20 ਤੋਂ 22 ਡਿਗਰੀ ਮੰਨਿਆ ਜਾਂਦਾ ਹੈ । ਉੱਚ ਤਾਪਮਾਨ ‘ਤੇ ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਦਾਣੇ ਛੋਟੇ ਰਹਿ ਜਾਂਦੇ ਹਨ। ਇਸ ਨਾਲ ਝਾੜ ਵਿੱਚ ਕਮੀ ਆਉਂਦੀ ਹੈ। ਵਾਢੀ ਲਈ ਬਹੁਤਾ ਸਮਾਂ ਨਹੀਂ ਬਚਿਆ ਹੈ। ਹੋਲੀ ਤੋਂ ਬਾਅਦ ਵਾਢੀ ਸ਼ੁਰੂ ਹੋਵੇਗੀ। ਇਸ ਲਈ ਫ਼ਸਲਾਂ ਨੂੰ ਹਲਕੀ ਸਿੰਚਾਈ ਦੀ ਸਲਾਹ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: