ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਘਾਂ ਦਾ ਨਵਾਂ ਅੰਕੜਾ ਜਾਰੀ ਕਰ ਦਿੱਤਾ ਹੈ। ਇਸ ਨਵੇਂ ਅੰਕੜੇ ਮੁਤਾਬਕ ਸਾਲ 2022 ਵਿੱਚ ਦੇਸ਼ ਵਿੱਚ ਬਾਘਾਂ ਦੀ ਗਿਣਤੀ ਵਧ ਕੇ 3167 ਹੋ ਗਈ ਹੈ। ਪਹਿਲਾਂ ਇਹ ਅੰਕੜਾ 2967 ਸੀ। ਇਸ ਤਰ੍ਹਾਂ ਦੇਸ਼ ਵਿੱਚ ਬਾਘਾਂ ਦੀ ਗਿਣਤੀ ਵਿੱਚ 200 ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ ‘ਤੇ ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ (IBCA) ਦੀ ਸ਼ੁਰੂਆਤ ਕੀਤੀ । ਪ੍ਰਧਾਨ ਮੰਤਰੀ ਨੇ ਇਸ ਮੌਕੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।
ਇਸ ਪ੍ਰੋਗਰਾਮ ਦੌਰਾਨ ਕੇਂਦਰੀ ਜੰਗਲਾਤ ਅਤੇ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਦੇਸ਼ ਵਿੱਚ ਬਾਘਾਂ ਦੀ ਸੰਭਾਲ ਸਾਲ 1973 ਵਿੱਚ ਨੌਂ ਟਾਈਗਰ ਰਿਜ਼ਰਵ ਖੇਤਰਾਂ ਨਾਲ ਸ਼ੁਰੂ ਹੋਈ ਸੀ। ਅੱਜ ਇਨ੍ਹਾਂ ਦੀ ਗਿਣਤੀ 53 ਟਾਈਗਰ ਰਿਜ਼ਰਵ ਤੱਕ ਪਹੁੰਚ ਗਈ ਹੈ । ਇਨ੍ਹਾਂ ਵਿੱਚੋਂ 23 ਟਾਈਗਰ ਰਿਜ਼ਰਵ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਹੋਈ ਹੈ। ਦੱਸ ਦੇਈਏ ਕਿ ਸਾਲ 1973 ਵਿੱਚ ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਪ੍ਰੋਜੈਕਟ ਟਾਈਗਰ ਸ਼ੁਰੂ ਕੀਤਾ ਸੀ। 1 ਅਪ੍ਰੈਲ ਨੂੰ ਇਸ ਪ੍ਰੋਜੈਕਟ ਦੇ 50 ਸਾਲ ਪੂਰੇ ਹੋ ਗਏ ਹਨ। IBCA ਦੇ ਤਹਿਤ ਬਾਘ, ਸ਼ੇਰ, ਤੇਂਦੂਏ, ਜੈਗੁਆਰ, ਚੀਤਾ, ਪੁਮਾ ਦੀ ਸੰਭਾਲ ‘ਤੇ ਫੋਕਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ
ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਪ੍ਰੋਜੈਕਟ ਟਾਈਗਰ ਨੇ ਦੇਸ਼ ਵਿੱਚ ਬਾਘਾਂ ਦੀ ਸੰਭਾਲ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਪ੍ਰੋਜੈਕਟ ਟਾਈਗਰ ਨੇ ਮੋਹਰੀ ਭੂਮਿਕਾ ਨਿਭਾਈ ਹੈ। ਕੁਦਰਤ ਦੀ ਰੱਖਿਆ ਕਰਨਾ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ । ਪ੍ਰੋਜੈਕਟ ਟਾਈਗਰ ਦੀ ਕਾਮਯਾਬੀ ਨਾ ਸਿਰਫ਼ ਭਾਰਤ ਦੇ ਲਈ ਸਗੋਂ ਪੂਰੀ ਦੁਨੀਆ ਲਈ ਮਾਣ ਵਾਲੀ ਗੱਲ ਹੈ। ਭਾਰਤ ਨੇ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ ਅਤੇ ਇਸ ਦੇ ਨਾਲ ਹੀ ਦੁਨੀਆ ਦੇ 75 ਫੀਸਦੀ ਬਾਘ ਭਾਰਤ ਵਿੱਚ ਰਹਿੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਏਸ਼ੀਆਈ ਸ਼ੇਰਾਂ ਦਾ ਇਕਲੌਤਾ ਘਰ ਹੈ। ਦੇਸ਼ ਵਿੱਚ ਸ਼ੇਰਾਂ ਦੀ ਗਿਣਤੀ ਵੀ ਵਧ ਰਹੀ ਹੈ। ਸਾਲ 2015 ਵਿੱਚ ਦੇਸ਼ ਵਿੱਚ 525 ਸ਼ੇਰ ਸਨ ਅਤੇ 2020 ਵਿੱਚ ਇਹ ਵਧ ਕੇ 675 ਹੋ ਗਏ । ਪਿਛਲੇ ਚਾਰ ਸਾਲਾਂ ਵਿੱਚ ਤੇਦੂਆਂ ਦੀ ਗਿਣਤੀ ਵਿੱਚ ਵੀ 60 ਫੀਸਦੀ ਵਾਧਾ ਹੋਇਆ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਇੱਕ ਮਹੱਤਵਪੂਰਨ ਸਮੇਂ ਦਾ ਗਵਾਹ ਬਣ ਰਹੇ ਹਨ, ਜਦੋਂ ਪ੍ਰੋਜੈਕਟ ਟਾਈਗਰ ਨੂੰ 50 ਸਾਲ ਪੂਰੇ ਹੋ ਰਹੇ ਹਨ । ਭਾਰਤ ਨੇ ਨਾ ਸਿਰਫ਼ ਬਾਘਾਂ ਨੂੰ ਬਚਾਇਆ ਸਗੋਂ ਉਨ੍ਹਾਂ ਨੂੰ ਇੱਕ ਅਜਿਹਾ ਵਾਤਾਵਰਣ ਵੀ ਦਿੱਤਾ ਜਿਸ ਤੋਂ ਉਹ ਵਧ-ਫੁੱਲ ਸਕਦੇ ਹਨ । ਸਾਡੇ ਕੋਲ ਦੁਨੀਆ ਭਰ ਦੀ ਕੁੱਲ ਜ਼ਮੀਨ ਦਾ ਸਿਰਫ਼ 2.4 ਫ਼ੀਸਦੀ ਹੈ ਪਰ ਵਿਸ਼ਵ ਵਿਭਿੰਨਤਾ ਵਿੱਚ ਸਾਡਾ ਹਿੱਸਾ 8 ਫ਼ੀਸਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦਹਾਕਿਆਂ ਪਹਿਲਾਂ ਚੀਤੇ ਅਲੋਪ ਹੋ ਗਏ ਸਨ ਪਰ ਅਸੀਂ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਤੋਂ ਚੀਤੇ ਲਿਆਏ ਅਤੇ ਸਾਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਚੀਤੇ ਲਿਆ ਕੇ ਇੱਥੇ ਵਸਾਉਣ ਵਿੱਚ ਸਫ਼ਲਤਾ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਲਗਭਗ 30 ਹਜ਼ਾਰ ਹਾਥੀ ਹਨ ਅਤੇ ਏਸ਼ਿਆਈ ਹਾਥੀਆਂ ਦੀ ਦੁਨੀਆ ਵਿੱਚ ਸਭ ਤੋਂ ਵੱਧ ਗਿਣਤੀ ਭਾਰਤ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -: