ਦੇਸ਼ ਭਰ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਨੇ ਖਾਣੇ ਦਾ ਸੁਆਦ ਵਿਗਾੜ ਦਿੱਤਾ ਹੈ । ਇਸ ਵਾਰ 150 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਟਮਾਟਰ ਵਿਕ ਰਿਹਾ ਹੈ ਪਰ ਇਸੇ ਵਿਚਾਲੇ ਇੱਕ ਕਿਸਾਨ ਨੇ ਟਮਾਟਰ ਵੇਚ ਕੇ ਕਰੋੜਾਂ ਰੁਪਏ ਕਮਾ ਲਏ ਹਨ। ਟਮਾਟਰ ਦੀਆਂ ਵਧਦੀਆਂ ਕੀਮਤਾਂ ਹਿਮਾਚਲ ਪ੍ਰਦੇਸ਼ ਦੇ ਇੱਕ ਕਿਸਾਨ ਲਈ ਵਰਦਾਨ ਸਾਬਿਤ ਹੋਈ ਹੈ। ਕਿਸਾਨ ਨੇ ਟਮਾਟਰ ਵੇਚ ਕੇ ਕਰੋੜਾਂ ਰੁਪਏ ਕਮਾ ਲਏ ਹਨ । ਦਰਅਸਲ, ਮੰਡੀ ਜ਼ਿਲ੍ਹੇ ਦੀ ਬਲਹਘਾਟੀ ਦੇ ਢਾਬਣ ਪਿੰਡ ਦੇ 67 ਸਾਲਾ ਕਿਸਾਨ ਜੈਰਾਮ ਸੈਨੀ ਨੇ ਹੁਣ ਤੱਕ 8300 ਤੋਂ ਜ਼ਿਆਦਾ ਕਰੇਟ ਵੇਚ ਕੇ 1 ਕਰੋੜ 10 ਲੱਖ ਰੁਪਏ ਕਮਾ ਚੁੱਕੇ ਹਨ। ਜੈਰਾਮ ਦਾ ਕਹਿਣਾ ਹੈ ਕਿ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਮਗਰੋਂ ਉਨ੍ਹਾਂ ਨੂੰ ਬਹੁਤ ਮੁਨਾਫਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਫਸਲ ਬੀਮਾਰੀ ਨਾਲ ਖਰਾਬ ਨਾ ਹੋਈ ਹੁੰਦੀ ਤਾਂ ਉਹ ਟਮਾਟਰ ਦੇ 12 ਹਜ਼ਾਰ ਕਰੇਟ ਵੇਚ ਸਕਦੇ ਸਨ। ਇਸ ਤੋਂ ਅੱਗੇ ਜੈਰਾਮ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਖੇਤਾਂ ਵਿਚੋਂ ਸੋਨਾ ਕੱਢਿਆ ਜਾ ਸਕਦਾ ਹੈ। ਨੌਕਰੀਆਂ ਦੇ ਪਿੱਛੇ ਭੱਜਣ ਵਾਲੇ ਨੌਜਵਾਨਾਂ ਨੂੰ ਖੇਤੀ ਵੱਲ ਆਪਣਾ ਰੁਖ ਕਰਨਾ ਚਾਹੀਦਾ ਹੈ। ਜੈਰਾਮ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਟਮਾਟਰ ਦੇ 10 ਹਜ਼ਾਰ ਕਰੇਟ ਵੇਚੇ ਸੀ। ਪਰ ਉਨ੍ਹਾਂ ਨੂੰ ਸਿਰਫ਼ 55 ਲੱਖ ਰੁਪਏ ਆਮਦਨੀ ਹੋਈ ਸੀ। ਉੱਥੇ ਹੀ ਇਸ ਵਾਰ ਸਿਰਫ 8 ਹਜ਼ਾਰ ਕਰੇਟ ਵੇਚਣ ‘ਤੇ ਹੀ ਉਹ ਕਰੋੜਪਤੀ ਬਣ ਗਏ। ਜੈਰਾਮ ਨੇ ਦੱਸਿਆ ਕਿ ਉਹ ਕਰੀਬ 60 ਵਿੱਘੇ ਜ਼ਮੀਨ ਵਿੱਚ ਟਮਾਟਰ ਦੀ ਖੇਤੀ ਕਰਦੇ ਹਨ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਪਟਿਆਲਾ ਦੀ ਧੀ ਕਨਿਕਾ ਆਹੂਜਾ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਹੋਈ ਚੋਣ
ਇਸ ਤੋਂ ਅੱਗੇ ਜੈਰਾਮ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨਾਲ ਇੱਕ ਟ੍ਰੈਕਟਰ ਲੈਣਗੇ। ਉਨ੍ਹਾਂ ਦਾ ਪਹਿਲੇ ਵਾਲਾ ਟ੍ਰੈਕਟਰ ਪੁਰਾਣਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਬੱਚਿਆਂ ਦੀ ਪੜ੍ਹਾਈ ਲਈ ਕੁਝ ਪੈਸੇ ਰੱਖਣਗੇ। ਇਸ ਤੋਂ ਇਲਾਵਾ ਖੇਤੀ ਲਈ ਉਹ ਨਵੇਂ ਯੰਤਰ ਵੀ ਲੈਣਗੇ। ਜੈਰਾਮ ਟਮਾਟਰ ਨੂੰ ਸਿੱਧਾ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਵੇਚਦੇ ਹਨ।
ਵੀਡੀਓ ਲਈ ਕਲਿੱਕ ਕਰੋ -: