ਬਟਾਲਾ ਦੇ ਕਸਬਾ ਵਡਾਲਾ ਗ੍ਰੰਥੀਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ‘ਚ ਸਜਾਏ ਨਗਰ ਕੀਰਤਨ ਦੌਰਾਨ ਕੁਦਰਤੀ ਭਾਣਾ ਵਾਪਰਿਆ। ਨਗਰ ਕੀਰਤਨ ‘ਚ ਪ੍ਰਸ਼ਾਦਿ ਵਰਤਾ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਦਵਿੰਦਰ ਸਿੰਘ ਦੇ 21 ਸਾਲਾ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ‘ਤੋਂ ਬਾਅਦ ਉਤਸ਼ਾਹ ਅਤੇ ਖੁਸ਼ੀਆਂ ਨਾਲ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਮਾਯੂਸੀ ਛਾ ਗਈ।
ਜਾਣਕਾਰੀ ਅਨੁਸਾਰ ਵਡਾਲਾ ਗ੍ਰੰਥੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਨਗਰ ਦੇ ਬਾਜ਼ਾਰਾਂ ‘ਚੋਂ ਗੁਜਰ ਰਿਹਾ ਸੀ। ਇਸ ਵੇਲੇ ਗਲੀਆਂ ਵਿੱਚ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਡੰਡਿਆਂ ਨਾਲ ਕੁਝ ਨੌਜਵਾਨ ਉੱਪਰ ਚੁੱਕ ਕੇ ਪਾਲਕੀ ਸਾਹਿਬ ਵਾਲੀ ਟਰਾਲੀ ਲੰਘਾ ਰਹੇ ਸਨ ਕਿ ਅਚਾਨਕ ਇੱਕ ਤਾਰ ਨੰਗੀ ਹੋਣ ਕਰਕੇ ਟਰਾਲੀ ਵਿੱਚ ਕਰੰਟ ਆ ਗਿਆ। ਇਸ ਕਾਰਨ ਟਰਾਲੀ ਦੇ ਨਾਲ ਨਾਲ ਨੰਗੇ ਪੈਰ ਪੈਦਲ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਬਿਕਰਮਜੀਤ ਸਿੰਘ ਨੂੰ ਜ਼ਬਰਦਸਤ ਕਰੰਟ ਲੱਗ ਗਿਆ, ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੰਗਰੂਰ ਪਹੁੰਚੇ CM ਮਾਨ ਤੇ ਅਰਵਿੰਦ ਕੇਜਰੀਵਾਲ, ਧੂਰੀ ‘ਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਕੀਤੀ ਸ਼ੁਰੂਆਤ
ਦੱਸ ਦੇਈਏ ਜਿਸ ਪਾਲਕੀ ਸਾਹਿਬ ਵਾਲੀ ਟਰਾਲੀ ਵਿੱਚ ਕਰੰਟ ਆਇਆ ਸੀ ਉਸ ਵਿੱਚ ਕਈ ਸ਼ਰਧਾਲੂ ਸੇਵਾ ਕਰ ਰਹੇ ਸਨ। ਕਰੰਟ ਆਉਣ ਨਾਲ ਟਰਾਲੀ ਉੱਪਰ ਬੈਠੇ ਕੁਝ ਨੌਜਵਾਨ ਸੇਵਾਦਾਰਾਂ ਨੂੰ ਵੀ ਝਟਕਾ ਲੱਗਾ। ਇਸ ਉਪਰੰਤ ਸੇਵਾਦਾਰਾਂ ਅਤੇ ਸਥਾਨਕ ਲੋਕਾਂ ਨੇ ਬਿਕਰਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਖਬਰ ਫੈਲਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –