ਬਰਨਾਲਾ ਦੇ ਸ਼ਹਿਰ ਪੱਟੀ ਰੋਡ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਗੁਆਂਢੀ ‘ਤੇ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਲਗਾਏ ਗਏ ਹਨ। ਜਦਕਿ ਪੁਲਿਸ ਇਸ ਨੂੰ ਨੌਜਵਾਨ ਵਲੋਂ ਖੁਦਕੁਸ਼ੀ ਕੀਤੀ ਦੱਸ ਰਹੀ ਹੈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਬਰਨਾਲਾ ਵਿਖੇ ਪਹੁੰਚ ਕੇ ਪੁਲਿਸ ਵਿਰੁੱਧ ਰੋਸ ਵੀ ਜ਼ਾਹਰ ਕੀਤਾ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਾ ਸ਼ਰਮਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋ ਗੁਆਂਢੀ ਪਰਿਵਾਰਾਂ ਵਿੱਚ ਕੁੱਝ ਮਹੀਨਿਆਂ ਤੋਂ ਤਕਰਾਰਬਾਜ਼ੀ ਚੱਲਦੀ ਆ ਰਹੀ ਸੀ। ਮ੍ਰਿਤਕ ਨੌਜਵਾਨ ਵਲੋਂ ਆਪਣੇ ਗੁਆਂਢੀਆਂ ਦੀ ਕੁੜੀ ਨੂੰ ਫ਼ੋਨ ਕੀਤਾ ਜਾ ਰਿਹਾ ਸੀ, ਜਿਸਦੀ ਸਿਕਾਇਤ ਪੁਲਿਸ ਥਾਣੇ ਵੀ ਆਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ। ਪਰ ਰੰਜਿਸ਼ ਜਾਰੀ ਸੀ। ਜਿਸ ਦੇ ਚੱਲਦਿਆਂ ਨੌਜਵਾਨ ਦੀ ਮੌਤ ਹੋਈ ਹੈ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਪਿੰਟੂ ਸ਼ਰਮਾ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਗਲਤੀ ਨਾਲ ਗੁਆਂਢੀ ਦੀ ਇਕ ਲੜਕੀ ਨੂੰ ਫੋਨ ਕਰ ਲਿਆ ਸੀ। ਇਸ ਸਬੰਧਤ ਮਾਮਲਾ ਥਾਣੇ ਵੀ ਗਿਆ ਸੀ। ਜਿੱਥੇ ਉਸ ਦੇ ਬੇਟੇ ਨੇ ਵੀ ਆਪਣੀ ਗਲਤੀ ਮੰਨ ਲਈ। ਇਸ ਦੇ ਬਾਵਜੂਦ ਗੁਆਂਢੀ ਨੇ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਜਦੋਂ ਉਸ ਦਾ ਲੜਕਾ ਸਕੂਲ ਤੋਂ ਆਇਆ ਤਾਂ ਉਹ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ।
ਉਹ ਅਤੇ ਉਸਦੀ ਪਤਨੀ ਗੁਆਂਢ ਵਿੱਚ ਕਿਸੇ ਕੰਮ ਲਈ ਗਏ ਹੋਏ ਸਨ। ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਉਸ ਦੇ ਲੜਕੇ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਰੰਜਿਸ਼ ਕਾਰਨ ਸਾਡੇ ਗੁਆਂਢੀ ਨੇ ਸਾਡੇ ਲੜਕੇ ਦਾ ਕਤਲ ਕਰ ਕੇ ਲਾਸ਼ ਨੂੰ ਛੱਤ ਨਾਲ ਲਟਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦੇਵੇ।
ਇਹ ਵੀ ਪੜ੍ਹੋ : ਬਹਾਦਰਗੜ੍ਹ ‘ਚ AC ਕੰਪ੍ਰੈਸ਼ਰ ‘ਚ ਗੈਸ ਭਰਨ ਦੌਰਾਨ ਹੋਇਆ ਧ.ਮਾ.ਕਾ, ਇੱਕ ਲੜਕੀ ਜ਼ਖਮੀ
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ 17 ਸਾਲਾ ਨੌਜਵਾਨ ਸ਼ਿਵ ਸ਼ਰਮਾ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਪੜ੍ਹਦਾ ਸੀ। ਉਨ੍ਹਾਂ ਦੀ ਲੜਕੀ ਨਾਲ ਗੱਲ ਕਰਨ ਨੂੰ ਲੈ ਕੇ ਉਨ੍ਹਾਂ ਦੇ ਗੁਆਂਢ ‘ਚ ਝਗੜਾ ਹੋ ਰਿਹਾ ਸੀ। ਲੜਕੀ ਦੇ ਪਿਤਾ ਨੇ ਮ੍ਰਿਤਕ ਲੜਕੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਇਹ ਨੌਜਵਾਨ ਉਸ ਦੀ ਲੜਕੀ ਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ।
ਇਸ ਤੋਂ ਬਾਅਦ ਪੁਲੀਸ ਨੇ 7/51 ਦਾ ਕੇਸ ਦਰਜ ਕਰਕੇ ਦੋਵਾਂ ਪਰਿਵਾਰਾਂ ਵਿੱਚ ਸਮਝੌਤਾ ਵੀ ਕਰਵਾ ਦਿੱਤਾ। ਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਤਿਆਰ ਹੈ। ਜਦਕਿ ਮ੍ਰਿਤਕ ਦਾ ਪਰਿਵਾਰ ਪੋਸਟਮਾਰਟਮ ਅਤੇ ਬਿਆਨ ਦਰਜ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਜਾਂਚ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: