ਕੋਟਕਪੂਰਾ ਦੇ ਪਿੰਡ ਢਿੱਲਵਾਂ ਕਲਾਂ ਦੀ ਯੂਥ ਕਲੱਬ ਦੇ ਮੈਂਬਰਾਂ ਨੇ ਖੇਤਾਂ ਵਿੱਚੋਂ ਬਿਜਲੀ ਟਰਾਂਸਫਾਰਮਰ, ਮੋਟਰਾਂ ਅਤੇ ਤਾਰਾਂ ਚੋਰੀ ਕਰਨ ਵਾਲੇ ਮੁਲਜਮਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਨੇ ਇੰਨ੍ਹਾਂ ਮੁਲਜਮਾਂ ਤੋਂ ਸਮਾਨ ਖਰੀਦ ਕੇ ਅੱਗੇ ਵੇਚਣ ਵਾਲੇ ਇੱਕ ਹੋਰ ਵਿਅਕਤੀ ਨੂੰ ਕਾਬੂ ਕਰਦੇ ਹੋਏ ਕੁੱਲ ਚਾਰ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਪਾਸੋਂ ਇੱਕ ਟਾਟਾ ਐਸ ਗੱਡੀ ਤੋਂ ਇਲਾਵਾ ਤਕਰੀਬਨ 220 ਲੀਟਰ ਟਰਾਂਸਫਾਰਮ ਦਾ ਤੇਲ ਵੀ ਬਰਾਮਦ ਕੀਤਾ ਗਿਆ ਹੈ।
ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਥਾਣਾ ਸਦਰ ਕੋਟਕਪੂਰਾ ਦੇ ਅਧੀਨ ਪੈਂਦੇ ਪਿੰਡ ਢਿਲਵਾਂ ਕਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੇਤਾਂ ਵਿੱਚੋਂ ਬਿਜਲੀ ਟਰਾਂਸਫਾਰਮ ਮੋਟਰਾਂ ਟਰਾਂਸਫਾਰਮ ਦਾ ਤੇਲ ਅਤੇ ਤਾਰਾਂ ਆਦਿ ਦੀ ਚੋਰੀ ਹੋ ਰਹੀ ਸੀ, ਜਿਸ ਤੋਂ ਬਾਅਦ ਪਿੰਡ ਦੀ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਆਪਣੇ ਪੱਧਰ ਤੇ ਨਿਗਰਾਨੀ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਇਸੇ ਦੌਰਾਨ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ : ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਲਈ ਅਟਾਰੀ ਵਾਹਗਾ ਸਰਹੱਦ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਮੁਲਜ਼ਮਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿਛ ਲਈ ਰਿਮਾਡ ਤੇ ਲਿਆ ਜਾਵੇਗਾ ਅਤੇ ਹੋਰ ਜਾਣਕਾਰੀਆਂ ਜੁਟਾਈਆਂ ਜਾਣਗੀਆਂ। ਉਨਾਂ ਪਿੰਡ ਦੇ ਲੋਕਾਂ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਆਪਣੇ ਪੱਧਰ ਤੇ ਮਾੜੇ ਅਨਸਰਾਂ ਦੀ ਨਿਗਰਾਨੀ ਰੱਖਣ ਅਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।