ਅਬੋਹਰ ਦੇ ਪਿੰਡ ਖੂਈਆਂ ਸਰਵਰ ‘ਚ ਸੜਕ ‘ਤੇ ਆਵਾਰਾ ਪਸ਼ੂ ਆਉਣ ਕਾਰਨ ਬੀਤੀ ਰਾਤ ਐਕਟਿਵਾ ਸਵਾਰ 16 ਸਾਲਾ ਲੜਕੇ ਦੀ ਦਰਦਨਾਕ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੁਲਿਸ ਨੇ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੇ ਨੇ ਕੱਲ੍ਹ ਦੁਪਹਿਰ ਪਿੰਡ ਵਿੱਚ ਆਪਣੇ ਇੱਕ ਦੋਸਤ ਦਾ ਜਨਮ ਦਿਨ ਮਨਾਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ।
ਜਾਣਕਾਰੀ ਅਨੁਸਾਰ ਸਾਗਰ ਕੁਮਾਰ ਦੇ ਪਿਤਾ ਸੰਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਗਉ-ਸ਼ਾਲਾ ਨੇੜੇ ਹੀ ਇੱਕ ਛੋਟੀ ਦੁਕਾਨ ਹੈ। ਬੀਤੀ ਰਾਤ ਸਾਗਰ ਆਪਣੀ ਐਕਟਿਵਾ ‘ਤੇ ਪਿੰਡ ‘ਚ ਕਿਤੇ ਜਾ ਰਿਹਾ ਸੀ ਕਿ ਰਸਤੇ ‘ਚ ਅਚਾਨਕ ਇੱਕ ਆਵਾਰਾ ਪਸ਼ੂ ਸੜਕ ‘ਤੇ ਆ ਗਿਆ, ਜਿਸ ਕਾਰਨ ਉਸ ਦੀ ਐਕਟਿਵ ਪਸ਼ੂ ਨਾਲ ਟਕਰਾ ਗਈ। ਉਸ ਦਾ ਸਿੰਗ ਉਸ ਦੀ ਛਾਤੀ ਵਿਚ ਜਾ ਵੜਿਆ ਜਿਸ ਕਾਰਨ ਉਹ ਕਾਫੀ ਦੇਰ ਤੱਕ ਸੜਕ ‘ਤੇ ਲਹੂ-ਲੁਹਾਨ ਹਾਲਤ ‘ਚ ਪਿਆ ਰਿਹਾ।
ਉੱਥੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ ਨੈਸ਼ਨਲ ਹਾਈਵੇਅ ਅਥਾਰਟੀ ਦੀ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਘਟਨਾ ਤੋਂ ਬਾਅਦ ਲੜਕੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਜ਼ਿਕਰਯੋਗ ਹੈ ਕਿ ਅਬੋਹਰ ‘ਚ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ‘ਤੇ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਹੈ, ਜਿਸ ਕਾਰਨ ਆਵਾਰਾ ਪਸ਼ੂਆਂ ਕਾਰਨ ਲੋਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ‘ਤੇ ਗੋ.ਲੀਆਂ ਚਲਾਉਣ ਵਾਲੇ ਗ੍ਰਿਫਤਾਰ, ਤੇ.ਜ਼ਧਾ.ਰ ਹ.ਥਿਆ.ਰ ਤੇ ਪਿ.ਸਤੌ.ਲ ਬਰਾਮਦ
ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰਾਂ ਕਰਤਾਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਫੜਨ ਦੀ ਮੁਹਿੰਮ ਤਹਿਤ ਹੁਣ ਤੱਕ ਸਿਰਫ਼ 763 ਪਸ਼ੂ ਫੜੇ ਗਏ ਹਨ ਜਦੋਂਕਿ ਸਰਕਾਰੀ ਅੰਕੜਿਆਂ ਅਨੁਸਾਰ 1300 ਦੇ ਕਰੀਬ ਪਸ਼ੂ ਹਨ। ਪਸ਼ੂਆਂ ਨੂੰ ਫੜਨ ਦੀ ਇਸ ਮੁਹਿੰਮ ਨੂੰ ਪਿਛਲੇ ਕੁਝ ਸਮੇਂ ਤੋਂ ਰੋਕ ਦਿੱਤਾ ਗਿਆ ਹੈ, ਜਿਵੇਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਜਾਣਗੇ ਤਾਂ ਜਲਦੀ ਹੀ ਸੜਕਾਂ ‘ਤੇ ਘੁੰਮ ਰਹੇ ਪਸ਼ੂਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: