ਭਾਰਤ ਸਰਕਾਰ ਵੱਲੋਂ ਪੰਜਾਬ ਦੇ ਦੋ ਅਧਿਆਪਕਾਂ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵੱਲੋਂ ‘ਨੈਸ਼ਨਲ ਟੀਚਰ ਐਵਾਰਡ 2024’ ਨਾਲ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ 5 ਸਤੰਬਰ ਅਧਿਆਪਕ ਦਿਵਸ ਮੌਕੇ ਦੋਵੇਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਪੰਕਜ ਗੋਇਲ ਨੂੰ ਗਰੀਬ ਬੱਚਿਆਂ ਦੀ ਸਿੱਖਿਆ ’ਤੇ ਫੋਕਸ ਕਰਨ ਅਤੇ ਰਾਜਿੰਦਰ ਸਿੰਘ ਨੂੰ 4 ਸਕੂਲਾਂ ਦੀ ਨੁਹਾਰ ਬਦਲਣ ਦੇ ਚੱਲਦਿਆਂ ਚੁਣਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2024 ਲਈ ਦੇਸ਼ ਵਿੱਚੋਂ ਕੁੱਲ 50 ਅਧਿਆਪਕ ਇਸ ਪੁਰਸਕਾਰ ਲਈ ਚੁਣੇ ਗਏ ਹਨ।

National Teachers Award 2024
ਨੈਸ਼ਨਲ ਟੀਚਰ ਐਵਾਰਡ ਲਈ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ETT ਅਧਿਆਪਕ ਰਾਜਿੰਦਰ ਸਿੰਘ ਨੂੰ ਸਕੂਲ ਵਿੱਚ ਕੀਤੇ ਸੁਧਾਰ ਦੇ ਕੰਮਾਂ ਲਈ ਇਨਾਮ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜਦੋਂ ਰਾਜਿੰਦਰ ਸਿੰਘ ਇਸ ਸਕੂਲ ਵਿੱਚ ਤਾਇਨਾਤ ਸਨ ਤਾਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 33 ਸੀ। ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਨਹੀਂ ਕਰਵਾਉਣਾ ਚਾਹੁੰਦੇ ਸਨ । ਇੰਨਾ ਹੀ ਨਹੀਂ ਵਿਭਾਗ ਇਸ ਸਕੂਲ ਨੂੰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਰਾਜਿੰਦਰ ਸਿੰਘ ਨੇ ਸਖ਼ਤ ਮਿਹਨਤ ਕਰਕੇ ਨਾ ਸਿਰਫ਼ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਸਗੋਂ ਸਕੂਲ ਦੀ ਪਾਸ ਫੀਸਦ ਵਿੱਚ ਵੀ ਸੁਧਾਰ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ‘ਚ 176 ਸਾਲ ਪੁਰਾਣੇ ਘਰ ‘ਚ ਰਹਿਣਗੇ CM ਮਾਨ, ਕਈ ਸਹੂਲਤਾਂ ਨਾਲ ਲੈਸ ਹੋਵੇਗਾ ਘਰ
ਉਥੇ ਹੀ ਦੂਜੇ ਪਾਸੇ ਬਰਨਾਲਾ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਮਾਜਿਕ ਵਿਗਿਆਨ ਦੇ ਅਧਿਆਪਕ ਪੰਕਜ ਗੋਇਲ ਨੂੰ ਸਕੂਲੀ ਲੜਕੀਆਂ ਲਈ ਨੈਸ਼ਨਲ ਮੀਮ ਕਮ ਮੈਰਿਟ ਸਕਾਲਰਸ਼ਿਪ ਵਿੱਚ 100 ਨਤੀਜਿਆਂ ਲਈ ਰਾਸ਼ਟਰੀ ਅਧਿਆਪਕ ਪੁਰਸਕਾਰ ਦੇ ਸਨਮਾਨ ਲਈ ਚੁਣਿਆ ਗਿਆ ਹੈ। ਪੰਕਜ ਪਿਛਲੇ ਦੋ ਸਾਲਾਂ ਤੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਐਨ.ਐਮ.ਐਮ.ਐਸ. ਪ੍ਰੀਖਿਆਵਾਂ ਲਈ ਤਿਆਰ ਕਰ ਰਿਹਾ ਹੈ। ਸਿਰਫ਼ 8ਵੀਂ ਜਮਾਤ ਦੇ ਵਿਦਿਆਰਥੀ ਹੀ ਇਹ ਪ੍ਰੀਖਿਆ ਦੇ ਸਕਦੇ ਹਨ। ਪਿਛਲੇ ਸਾਲ ਸਕੂਲ ਦੀਆਂ 18 ਵਿਦਿਆਰਥਣਾਂ ਨੇ ਐੱਨਐੱਮਐੱਮਐੱਸ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 14 ਨੇ ਪਾਸ ਕੀਤੀ ਸੀ ਅਤੇ ਇੱਕ ਵਿਦਿਆਰਥਣ ਨੇ ਪੰਜਾਬ ਵਿੱਚ ਟਾਪ ਕੀਤਾ ਸੀ। ਇਸੇ ਤਰ੍ਹਾਂ ਇਸ ਸਾਲ 17 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ’ਚ ਸਾਰੀਆਂ 17 ਵਿਦਿਆਰਥਣਾਂ ਪਾਸ ਹੋਈਆਂ। ਇੰਨਾ ਹੀ ਨਹੀਂ ਇਸ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰ ‘ਤੇ ਵੀ ਪਹਿਲਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ।

National Teachers Award 2024
ਦੱਸ ਦੇਈਏ ਕਿ ਕੁੱਲ 50 ਅਧਿਆਪਕਾਂ ਵਿੱਚ ਇਸ ਪੁਰਸਕਾਰ ਲਈ ਸਭ ਤੋਂ ਜ਼ਿਆਦਾ ਗੁਜਰਾਤ ਦੇ ਚਾਰ ਅਧਿਆਪਕ ਹਨ। ਇਸ ਰਾਸ਼ਟਰੀ ਪੁਰਸਕਾਰ ਵਿੱਚ ਹਰੇਕ ਅਧਿਆਪਕ ਨੂੰ ਮੈਰਿਟ ਸਰਟੀਫ਼ਿਕੇਟ, ਚਾਂਦੀ ਦਾ ਤਮਗ਼ਾ ਅਤੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਚੁਣੇ ਗਏ ਅਧਿਆਪਕਾਂ ਨੂੰ 3 ਸਤੰਬਰ ਨੂੰ ਦਿੱਲੀ ਪਹੁੰਚਣ ਦੀ ਹਦਾਇਤ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























