British Sikh MP Tanmanjit Dhesi : ਕੇਂਦਰ ਸਰਕਾਰ ਦੇ ਨਵੇਂ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਦਿੱਲੀ ਸਰਹੱਦ ‘ਤੇ ਚੱਲ ਰਹੇ ਅੰਦੋਲਨ ਦੌਰਾਨ ਕਿਸਾਨ ਆਗੂਆਂ ਨੂੰ ਐਨਆਈਏ ਨੋਟਿਸ ਦੇਣ ਦਾ ਮਾਮਲਾ ਯੂਕੇ ਦੀ ਸੰਸਦ ਵਿੱਚ ਉਠਾਇਆ ਗਿਆ ਹੈ। ਬ੍ਰਿਟੇਨ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਬ੍ਰਿਟੇਨ ਦੇ 100 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਵਿੱਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਪ੍ਰਤੀ ਆਪਣੀ ਚਿੰਤਾ ਜ਼ਾਹਰ ਕਰਨ ਦੀ ਮੰਗ ਕੀਤੀ ਹੈ। ਪੱਤਰ ਬਾਰੇ ਲਿਖਿਆ ਸੀ ਅਤੇ ਅਸੀਂ ਉਤਸੁਕਤਾ ਨਾਲ ਉਸਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ।
ਹੁਣ ਭਾਰਤ ਦੀ ਤਰਫੋਂ ਪ੍ਰਦਰਸ਼ਨਕਾਰੀ ਯੂਨੀਅਨ ਆਗੂ ਅਤੇ ਹਿਊਮਨ ਰਾਈਟਸ ਐਕਟੀਵਿਟਸ ਜੋ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ, ਨੂੰ ਨੋਟਿਸ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਜਵਾਬ ਵਿਚ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਓ ਨੇ ਕਿਹਾ ਕਿ ਉਹ ਸੰਸਦ ਮੈਂਬਰ ਢੇਸੀ ਦੀ ਚਿੰਤਾ ਨੂੰ ਸਮਝਦੇ ਹਨ। ਦਸੰਬਰ ਵਿਚ ਜਦੋਂ ਉਹ ਭਾਰਤ ਆਏ ਸਨ ਤਾਂ ਉਨ੍ਹਾਂ ਇਸ ਬਾਰੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਵੀ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਡੀ ਜਿਸ ਤਰ੍ਹਾਂ ਦੀ ਰਾਜਨੀਤੀ ਹੈ, ਉਸੀ ਕਿਸਮ ਦੀ ਰਾਜਨੀਤੀ ਵੀ ਉਥੇ ਹੈ, ਪਰ ਸਾਨੂੰ ਉਥੇ ਲੋਕਤੰਤਰੀ ਪ੍ਰਕਿਰਿਆ ਦਾ ਸਨਮਾਨ ਕਰਨ ਦੀ ਲੋੜ ਹੈ।
ਦੱਸਣਯੋਗ ਹੈ ਕਿ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੈ ਪਰ ਪੰਜਾਬੀ ਮੂਲ ਦੇ ਹੋਣ ਕਾਰਨ ਉਨ੍ਹਾਂ ਦਾ ਪੰਜਾਬ ਨਾਲ ਸਬੰਧ ਹੈ। ਦਿੱਲੀ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ 100 ਤੋਂ ਜ਼ਿਆਦਾ ਸਾਂਸਦਾਂ ਅਤੇ ਲਾਰਡਸ ਦੇ ਦਸਤਖ਼ਤ ਵਾਲੀ ਇੱਕ ਚਿੱਠੀ ਭੇਜੀ ਸੀ ਕਿ ਉਨ੍ਹਾਂ ਨੂੰ ਆਪਣੇ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਕੋਲ ਇਹ ਮੁੱਦਾ ਚੁੱਕਣਾ ਚਾਹੀਦਾ ਹੈ ਅਤੇ ਤਾਂ ਜੋ ਇਹ ਮੁੱਦਾ ਛੇਤੀ ਹੱਲ ਹੋਵੇ।