drug smugglers panchayat punjab: ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਅੱਗੇ ਆ ਰਹੇ ਹਨ। ਪਿੰਡ ਲਹਿਲ ਕਲਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਸ਼ਿਆਂ ਖਿਲਾਫ ਅਹਿਮ ਕਦਮ ਚੁੱਕੇ ਹਨ। ਪੰਚਾਇਤ ਨੇ ਨਸ਼ਾ ਵੇਚਣ ਵਾਲਿਆਂ ਨੂੰ ਜ਼ਮਾਨਤ ਨਾ ਦੇਣ ਦਾ ਮਤਾ ਪਾਸ ਕੀਤਾ ਹੈ। ਇਸ ਫੈਸਲੇ ਨੂੰ ਨਸ਼ਿਆਂ ਖਿਲਾਫ ਜਾਗਰੂਕਤਾ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ, ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਵਿੱਚ ਡੀਐਸਪੀ ਲਹਿਰਾ ਰਛਪਾਲ ਸਿੰਘ ਸਣੇ ਸ਼ਿਰਕਤ ਕੀਤੀ। ਪਿੰਡ ਦੇ ਸਰਪੰਚ ਅਤੇ ਚੇਅਰਮੈਨ ਮਾਰਕੀਟ ਕਮੇਟੀ ਲਹਿਰਾਗਾਗਾ ਜਸਵਿੰਦਰ ਸਿੰਘ ਰਿੰਪੀ ਨੇ ਐਲਾਨ ਕੀਤਾ ਕਿ ਕੋਈ ਵੀ ਨਸ਼ੇੜੀਆਂ ਦੀ ਜ਼ਮਾਨਤ ਨਹੀਂ ਕਰਵਾਏਗਾ। ਜੇ ਪਿੰਡ ਦਾ ਵਿਅਕਤੀ ਨਸ਼ੇ ਵੇਚਦਾ ਫੜਿਆ ਜਾਂਦਾ ਹੈ ਤਾਂ ਉਸਦੀ ਜ਼ਮਾਨਤ ਕਿਸੇ ਕੀਮਤ ਤੇ ਨਹੀਂ ਦਿੱਤੀ ਜਾਏਗੀ। ਅਜਿਹੇ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਡੀਐਸਪੀ ਰਛਪਾਲ ਸਿੰਘ ਨੇ ਪਿੰਡ ਅਤੇ ਪੰਚਾਇਤ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਹੈ ਜਿਸਨੇ ਨਸ਼ੇੜੀਆਂ ਨੂੰ ਜ਼ਮਾਨਤ ਨਾ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਹੋਰਨਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਫੈਸਲੇ ਦਾ ਸਮਰਥਨ ਕਰਨ ਅਤੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਹਾਇਤਾ ਕਰਨ। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।