ਪੰਜਾਬ ਦੇ ਜਲੰਧਰ ਵਿੱਚ ਰੋਡਵੇਜ਼ ਮੁਲਾਜ਼ਮਾਂ ਵੱਲੋਂ ਅੱਜ ਹਾਈਵੇਅ ਜਾਮ ਕਰਨ ਲਈ ਲਾਇਆ ਗਿਆ ਚੱਕਾ ਜਾਮ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜਲੰਧਰ ‘ਚ ਅੱਜ ਹਾਈਵੇ ਜਾਮ ਨਹੀਂ ਹੋਵੇਗਾ। ਸਰਕਾਰ ਨੇ ਉਨ੍ਹਾਂ ਨੂੰ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਦਾ ਸਮਾਂ ਦਿੱਤਾ ਹੈ।
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਚੋਲਗੀ ਕਰਦਿਆਂ ਸਰਕਾਰ ਤੋਂ ਯੂਨੀਅਨ ਨੂੰ ਮੀਟਿੰਗ ਲਈ ਸਮਾਂ ਦਿੱਤਾ ਹੈ। ਸਰਕਾਰ ਨਾਲ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ 4 ਅਗਸਤ ਨੂੰ ਤੈਅ ਕੀਤੀ ਗਈ ਹੈ। ਦੱਸ ਦੇਈਏ ਕਿ 1 ਅਗਸਤ ਨੂੰ ਰੋਡਵੇਜ਼-ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਉਤਰਨ ਦੀ ਯੋਜਨਾ ਬਣਾਈ ਸੀ। ਯੂਨੀਅਨ ਨੇ ਪਹਿਲੇ ਪੜਾਅ ਵਿੱਚ ਜਲੰਧਰ ਵਿੱਚ ਹਾਈਵੇਅ ਜਾਮ ਕਰਨ ਦਾ ਸੱਦਾ ਦਿੱਤਾ ਸੀ। ਇਸ ਵਿੱਚ ਪੰਜਾਬ ਦੇ 27 ਡਿਪੂਆਂ ਵਿੱਚੋਂ ਜਲੰਧਰ ਅਤੇ ਨਾਲ ਲੱਗਦੇ ਸੱਤ ਡਿਪੂਆਂ ਦੇ ਠੇਕਾ ਮੁਲਾਜ਼ਮਾਂ ਨੇ ਭਾਗ ਲੈਣਾ ਸੀ।
ਟਰਾਂਸਪੋਰਟ ਵਿਭਾਗ ਵਿੱਚ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੇ ਪਿਛਲੇ ਦਿਨੀਂ ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ਵਿੱਚ ਮੀਟਿੰਗ ਕਰਕੇ ਆਪਣੇ ਅੰਦੋਲਨ ਦੀ ਰੂਪ-ਰੇਖਾ ਤਿਆਰ ਕੀਤੀ ਸੀ। ਅੰਦੋਲਨ ਦੀ ਰੂਪ-ਰੇਖਾ ਅਨੁਸਾਰ 1 ਅਗਸਤ ਨੂੰ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ, ਜਦੋਂ ਕਿ ਪਟਿਆਲਾ ਸਥਿਤ ਟਰਾਂਸਪੋਰਟ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਮੁਲਾਜ਼ਮਾਂ ਨੇ 2 ਅਗਸਤ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ।