ਪਿਛਲੇ ਸਾਲ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੂਵਰ ਆਈਲੈਂਡ ਵਾਲੇ ਘਰ ‘ਤੇ ਫਾਇਰਿੰਗ ਕੀਤੀ ਗਈ ਸੀ। ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਕੋਰਟ ਨੇ 26 ਸਾਲਾ ਅਬਜੀਤ ਕਿੰਗਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਮੁਲਜ਼ਮ ਅਬਜੀਤ ਕਿੰਗਰਾ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮ ਨੂੰ ਓਂਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸ ਦੇਈਏ ਕਿ ਵਿਕਟੋਰੀਆ ਦੇ ਪੱਛਮ ਵੱਲ ਕੋਲਵੁਡ ਇਲਾਕੇ ‘ਚ ਸਥਿਤ ਏਪੀ ਢਿੱਲੋਂ ਦੇ ਘਰ ‘ਤੇ 2 ਸਤੰਬਰ, 2024 ਦੀ ਸਵੇਰ ਨੂੰ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਸਨ। ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਗਈ ਸੀ। ਹਮਲੇ ਤੋਂ ਲਗਭਗ ਦੋ ਮਹੀਨੇ ਬਾਅਦ, ਵਿਨੀਪੈਗ ਦੇ ਅਬਜੀਤ ਕਿੰਗਰਾ ਨੂੰ ਓਂਟਾਰੀਓ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਹਫ਼ਤੇ, ਬੀ.ਸੀ. ਦੀ ਅਦਾਲਤ ਨੇ ਕਿੰਗਰਾ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਅੱਗ ਲਗਾਉਣ ਅਤੇ ਕਿਸੇ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਜਾਂ ਜਾਣ-ਬੁੱਝ ਕੇ ਬੰਦੂਕ ਚਲਾਉਣ ਦੇ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤਾ ਸੀ।
ਸਜ਼ਾ ਸੁਣਾਉਂਦਿਆਂ, ਜੱਜ ਨੇ ਮੰਨਿਆ ਕਿ ਕਿੰਗਰਾ ਦਾ ਭਾਰਤ ਦੇ ਇੱਕ ਨਾਮੀ ਗੈਂਗ ਨਾਲ ਸੰਬੰਧ ਸੀ ਅਤੇ ਉਸਨੂੰ ਕੈਨੇਡਾ ਵਿੱਚ ਅਪਰਾਧਕ ਕਾਰਵਾਈਆਂ ਕਰਨ ਲਈ ਹੁਕਮ ਦਿੱਤਾ ਗਿਆ ਸੀ। ਕਿੰਗਰਾ ਨੂੰ ਦੋ ਅਤੇ ਛੇ ਸਾਲ ਦੀਆਂ ਸਜ਼ਾ ਸੁਣਾਈ ਗਈ ਹੈ, ਜੋ ਇਕੱਠੀਆਂ ਕੱਟੀਆਂ ਜਾਣਗੀਆਂ। ਜੇਲ੍ਹ ਵਿੱਚ ਬਿਤਾਏ ਸਮੇਂ ਨੂੰ ਕੱਟਣ ਤੋਂ ਬਾਅਦ ਉਸਨੂੰ ਲਗਭਗ ਹੋਰ 4.5 ਸਾਲ ਕੈਦ ਕੱਟਣੀ ਪਵੇਗੀ। ਅਦਾਲਤ ਨੇ ਉਸ ‘ਤੇ ਜ਼ਿੰਦਗੀ ਭਰ ਲਈ ਹਥਿਆਰ ਰੱਖਣ ‘ਤੇ ਪਾਬੰਦੀ ਵੀ ਲਗਾਈ ਹੈ।
ਇਹ ਵੀ ਪੜ੍ਹੋ : ਦੁਸਹਿਰੇ ਵਾਲੇ ਦਿਨ ਜਲੰਧਰ ‘ਚ ਸਵੇਰੇ-ਸਵੇਰੇ ਪਿਆ ਤੇਜ਼ ਮੀਂਹ, ਬਦਲਿਆ ਮੌਸਮ ਦਾ ਮਿਜ਼ਾਜ
ਪੁਲਿਸ ਨੇ ਇਸ ਮਾਮਲੇ ‘ਚ ਇੱਕ ਹੋਰ ਮੁਲਜ਼ਮ ਦੀ ਪਛਾਣ ਕੀਤੀ ਹੈ, ਜਿਸਦੀ ਉਮਰ 24 ਸਾਲ ਹੈ। ਉਹ ਵੀ ਇਨ੍ਹਾਂ ਹੀ ਦੋਸ਼ਾਂ ‘ਚ ਲੋੜੀਂਦਾ ਹੈ। ਵੈਸਟ ਸ਼ੋਰ ਆਰ.ਸੀ.ਐਮ.ਪੀ. ਕਹਿੰਦੀ ਹੈ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਉਸਨੂੰ ਗ੍ਰਿਫ਼ਤਾਰ ਕਰਨ ‘ਤੇ ਕੰਮ ਕਰ ਰਹੀ ਹੈ। ਉਹ ਪਹਿਲਾਂ ਵਿਨੀਪੈਗ ‘ਚ ਰਹਿੰਦਾ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਭਾਰਤ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -:
























