ਚੰਡੀਗੜ੍ਹ ਵਿੱਚ ਗਰਮੀ ਇੰਨੀ ਵੱਧ ਗਈ ਹੈ ਕਿ ਹੁਣ ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਤੱਕ ਪਹੁੰਚ ਗਿਆ ਹੈ। ਮਈ ਮਹੀਨੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਤੋਂ ਪਹਿਲਾਂ 2013 ਵਿੱਚ ਮਈ ਮਹੀਨੇ ਵਿੱਚ ਤਾਪਮਾਨ 43.8 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਤੇਜ਼ ਧੁੱਪ ਅਤੇ ਤੇਜ਼ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ।
ਮੌਸਮ ਵਿਭਾਗ ਅਨੁਸਾਰ ਇੱਕ ਹਫ਼ਤੇ ਤੱਕ ਇਸ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਹੌਲੀ-ਹੌਲੀ ਤਾਪਮਾਨ ‘ਚ ਹੋਰ ਵਾਧਾ ਦੇਖਣ ਨੂੰ ਮਿਲੇਗਾ। ਇਹ ਤਾਪਮਾਨ ਆਮ ਨਾਲੋਂ 6 ਡਿਗਰੀ ਸੈਲਸੀਅਸ ਵੱਧ ਹੈ। ਇਸ ਤਾਪਮਾਨ ਦੇ ਮੱਦੇਨਜ਼ਰ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ‘ਚ 21 ਮਈ ਤੱਕ ਹੀਟ ਵੇਵ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 21 ਮਈ ਤੱਕ ਤਾਪਮਾਨ ‘ਚ ਕੋਈ ਗਿਰਾਵਟ ਨਹੀਂ ਦੇਖਣ ਨੂੰ ਮਿਲੇਗੀ। ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਮੌਸਮ ‘ਚ ਮਾਮੂਲੀ ਬਦਲਾਅ ਹੋਵੇਗਾ। ਪਰ ਜ਼ਿਆਦਾ ਤਾਪਮਾਨ ਕਾਰਨ ਪੱਛਮੀ ਗੜਬੜੀ ਦਾ ਜ਼ਿਆਦਾ ਅਸਰ ਨਹੀਂ ਪਵੇਗਾ।
ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ। ਉਨ੍ਹਾਂ ਅਨੁਸਾਰ ਲੋਕਾਂ ਨੂੰ ਸਿੱਧੀ ਗਰਮੀ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ। ਘਰ ਦੇ ਅੰਦਰ ਹਵਾਦਾਰ ਅਤੇ ਠੰਢੀ ਥਾਂ ‘ਤੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ। ਧੁੱਪ ਵਿਚ ਬਾਹਰ ਜਾਣ ਵੇਲੇ ਆਪਣੇ ਸਿਰ ਨੂੰ ਛੱਤਰੀ, ਕਿਸੇ ਕੱਪੜੇ ਜਾਂ ਟੋਪੀ ਨਾਲ ਢੱਕੋ। ਬਾਹਰ ਜਾਣ ਸਮੇਂ ਜੁੱਤੇ ਅਤੇ ਐਨਕਾਂ ਦੀ ਵਰਤੋਂ ਕਰੋ। ਵੱਧ ਤੋਂ ਵੱਧ ਤਰਲ ਪਦਾਰਥ ਜਿਵੇਂ ਪਾਣੀ, ਨਿੰਬੂ ਪਾਣੀ, ਲੱਸੀ ਪੀਓ। ਆਪਣੀ ਖੁਰਾਕ ਵਿੱਚ ਸਲਾਦ ਅਤੇ ਹੋਰ ਪੌਸ਼ਟਿਕ ਭੋਜਨ ਸ਼ਾਮਲ ਕਰੋ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .