ਪੰਜਾਬ ਪੁਲਿਸ ਨੇ ਦਿੱਲੀ ਅਤੇ ਹਰਿਆਣਾ ਵਿੱਚ ਸਥਿਤ ਫਾਰਮਾਸਿਊਟੀਕਲ ਫੈਕਟਰੀਆਂ ਤੋਂ ਗੈਰ-ਕਾਨੂੰਨੀ ‘ਓਪੀਔਡਜ਼’ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ‘ਓਪੀਓਡਜ਼’ ਅਫੀਮ ਪੋਸਤ ਦੇ ਪੌਦੇ ਵਿੱਚ ਪਾਏ ਜਾਣ ਵਾਲੇ ਕੁਦਰਤੀ ਪਦਾਰਥਾਂ ਤੋਂ ਪ੍ਰਾਪਤ ਨਸ਼ਿਆਂ ਦੀ ਇੱਕ ਸ਼੍ਰੇਣੀ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਗੌਰਵ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਤਿੰਨ ਮਹੀਨਿਆਂ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਨਕਲੀ ਨਸ਼ੀਲੀ ਦਵਾਈ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।
ਇੱਕ ਅਧਿਕਾਰਤ ਬਿਆਨ ਵਿੱਚ, ਗੌਰਵ ਯਾਦਵ ਨੇ ਕਿਹਾ ਕਿ ਇੱਕ ਤਸਕਰ ਦੀ ਗ੍ਰਿਫਤਾਰੀ ਤੋਂ ਬਾਅਦ, ਉਸ ਦੇ ਸੁਰਾਗ ‘ਤੇ, ਪੁਲਿਸ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨਿਰਮਾਤਾ, ਦਿੱਲੀ ਦੇ ਸੁਮਿਤ ਅਗਰਵਾਲ ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ । ਅਗਰਵਾਲ Paxons Pharmaceuticals Pvt Ltd ਦਾ ਮਾਲਕ ਹੈ, ਜਿਸ ਦੀਆਂ ਦਿੱਲੀ ਵਿੱਚ ਰੋਹਿਣੀ ਅਤੇ ਹਰਿਆਣਾ ਵਿੱਚ ਬਹਾਦੁਰਗੜ੍ਹ ਵਿੱਚ ਯੂਨਿਟ ਹਨ। ਪੁਲਿਸ ਨੇ ਸਥਾਨਕ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿੱਚ ਬਹਾਦਰਗੜ੍ਹ ਸਥਿਤ ਫਾਰਮਾ ਫੈਕਟਰੀ ‘ਤੇ ਵੀ ਛਾਪਾ ਮਾਰਿਆ ਅਤੇ ਲਗਭਗ 6 ਲੱਖ ਰੁਪਏ ਦੇ ਬਿਨਾਂ ਲੇਬਲ ਵਾਲੇ ਟੀਕਿਆਂ ਸਮੇਤ ਕਈ ਗੈਰ ਕਾਨੂੰਨੀ ਦਸਤਾਵੇਜ਼ ਬਰਾਮਦ ਕੀਤੇ।