ਦਿੱਲੀ ਦੇ ਮਯੂਰ ਵਿਹਾਰ ‘ਚ ਦੇਰ ਰਾਤ ਨਾਮੀ ਗੈਂਗਸਟਰ ਦੇ ਦੋ ਗੁਰਗੇ ਅਤੇ ਦਿੱਲੀ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਦੋਵੇਂ ਗੈਂਗਸਟਰਾਂ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੋਵੇਂ ਗੈਂਗਸਟਰ ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾਉਣ ਆਏ ਸੀ।
ਇਹ ਮੁਕਾਬਲਾ ਨੋਇਡਾ ਤੋਂ ਅਕਸ਼ਰਧਾਮ ਜਾਣ ਵਾਲੀ ਸੜਕ ‘ਤੇ ਮਯੂਰ ਵਿਹਾਰ ਫੇਜ਼ ਵਨ ‘ਚ ਹੋਇਆ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਇੱਥੇ ਮਯੂਰ ਵਿਹਾਰ ਫੇਜ਼ ਵਨ ਵਿੱਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਨੋਇਡਾ ਤੋਂ ਆਉਂਦੇ ਦੇਖਿਆ ਗਿਆ। ਪੁਲਿਸ ਟੀਮ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਸੇ ਸਮੇਂ ਪੁਲਿਸ ਨੂੰ ਦੇਖ ਕੇ ਬਦਮਾਸ਼ ਇੱਕ ਪਾਸੇ ਹੋ ਗਏ ਅਤੇ ਭੱਜਣ ਲੱਗੇ।
ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ ‘ਚ ਬਦਲਿਆ ਮੌਸਮ, ਕਈ ਥਾਵਾਂ ‘ਤੇ ਛਾਏ ਬੱਦਲ, ਮੌਸਮ ਵਿਭਾਗ ਨੇ ਪ੍ਰਗਟਾਈ ਮੀਂਹ ਪੈਣ ਦੀ ਸੰਭਾਵਨਾ
ਇਸ ’ਤੇ ਪੁਲਿਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਟੀਮ ਬਦਮਾਸ਼ਾਂ ਦੇ ਪਿੱਛੇ ਗਈ ਤਾਂ ਬਦਮਾਸ਼ਾਂ ਨੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਦੀ ਗੋਲੀਬਾਰੀ ਤੋਂ ਬਚਣ ਲਈ ਦਿੱਲੀ ਪੁਲਿਸ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੁਕਾਬਲੇ ਵਿੱਚ ਦੋਵੇਂ ਬਦਮਾਸ਼ਾਂ ਨੂੰ ਗੋਲੀ ਲੱਗੀ। ਗੋਲੀ ਲੱਗਣ ਤੋਂ ਬਾਅਦ ਦੋਵਾਂ ਬਦਮਾਸ਼ਾਂ ਨੂੰ ਸਪੈਸ਼ਲ ਸੈੱਲ ਨੇ ਫੜ ਲਿਆ ਅਤੇ ਉਨ੍ਹਾਂ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਵਾਰਦਾਤ ਵਾਲੀ ਥਾਂ ‘ਤੇ ਮੁਲਜ਼ਮਾਂ ਦਾ ਮੋਟਰਸਾਈਕਲ ਅਤੇ ਹਥਿਆਰ ਜ਼ਬਤ ਕਰ ਲਿਆ ਹੈ। ਫੜੇ ਗਏ ਦੋਸ਼ੀਆਂ ਵਿੱਚ ਫ਼ਿਰੋਜ਼ਪੁਰ ਦਾ ਰਾਜਪ੍ਰੀਤ ਸਿੰਘ ਰਾਜਾ ਅਤੇ ਬਠਿੰਡਾ ਦਾ ਸ਼ੂਟਰ ਵਰਿੰਦਰ ਸਿੰਘ ਵਿੰਮੀ ਸ਼ਾਮਲ ਹੈ। ਰਾਜਾ ਜਨਵਰੀ 2023 ਵਿੱਚ ਹੋਏ ਪਰਮਜੀਤ ਕਤਲ ਕੇਸ ਵਿੱਚ ਲੋੜੀਂਦਾ ਹੈ। ਇਸ ਦੇ ਨਾਲ ਹੀ ਪੁਲਿਸ ਮੌੜ ਮੰਡੀ ਗੋਲੀ ਕਾਂਡ ਵਿੱਚ ਵੀ ਵਰਿੰਦਰ ਦੀ ਭਾਲ ਕਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ : –