ਪੰਜਾਬ ਦੇ ਮਾਨਸਾ ਦੇ ਮਨਦੀਪ ਸਿੰਘ ਨੇ ਨਿਵੇਕਲਾ ਰਿਕਾਰਡ ਕਾਇਮ ਕਰਦਿਆਂ 27 ਸਾਲ ਦੀ ਉਮਰ ਵਿੱਚ ਪੰਜਾਬ ਸਰਕਾਰ ਵੱਲੋਂ ਛੇਵੀਂ ਨੌਕਰੀ ਹਾਸਲ ਕੀਤੀ ਹੈ। ਉਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਵੰਡੇ ਗਏ ਨਿਯੁਕਤੀ ਪੱਤਰਾਂ ਦੌਰਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਨਾਇਬ ਤਹਿਸੀਲਦਾਰ ਵਜੋਂ ਨਿਯੁਕਤੀ ਪੱਤਰ ਦਿੱਤਾ ਗਿਆ।
ਮਨਦੀਪ ਸਿੰਘ ਨੇ ਇਸ ਤੋਂ ਪਹਿਲਾ ਪਟਵਾਰੀ, ਟੈਕਨੀਕਲ ਅਸਿਸਟੈਂਟ (ਵੇਅਰ ਹਾਊਸ), ਬੈਂਕ ਮੈਨੇਜਰ (ਕੋਆਪਰੇਟਿਵ ਬੈਂਕ), ਅਸਿਸਟੈਂਟ ਕਮਾਂਡਰ (ਸੀਏਸੀਐੱਫ), ਐਕਸਾਈਜ਼ ਇੰਸਪੈਕਟਰ (ਜਲੰਧਰ) ਵਜੋਂ ਸੇਵਾਵਾਂ ਨਿਭਾਅ ਚੁੱਕਾ ਹੈ। ਮਨਦੀਪ ਸਿੰਘ ਨੇ ਸੈਂਟ ਜੇਵੀਅਰ ਸਕੂਲ ਮਾਨਸਾ ਤੋਂ ਦਸਵੀਂ, ਸੰਤ ਫਤਹਿ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਤੋਂ ਬਾਰ੍ਹਵੀਂ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਐੱਸ.ਸੀ. ਐਗਰੀਕਲਚਰ ਅਤੇ ਰਾਜ ਮਲਹੋਤਰਾ ਚੰਡੀਗੜ੍ਹ ਤੋਂ ਕੋਚਿੰਗ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, HC ਨੇ ਦਿੱਤੀ ਅੰਤਰਿਮ ਜ਼ਮਾਨਤ
ਮਨਦੀਪ ਸਿੰਘ ਦੇ ਨਾਇਬ ਤਹਿਸੀਲਦਾਰ ਬਣਨ ’ਤੇ ਪਰਿਵਾਰ ’ਚ ਖੁਸ਼ੀ ਦਾ ਮਹੌਲ ਹੈ। ਉਸ ਦੀ ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਸੇਵਾਮੁਕਤ ਦਾਦਾ ਨਰੋਤਮ ਸਿੰਘ, ਦਾਦੀ ਸਵਿੱਤਰੀ ਦੇਵੀ, ਅਧਿਆਪਕ ਪਿਤਾ ਕੁਲਦੀਪ ਸਿੰਘ ਤੇ ਪੰਜਾਬੀ ਲੈਕਚਰਾਰ ਮਾਤਾ ਸੁਮਨਦੀਪ ਕੌਰ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਹੋਰਨਾਂ ਲੜਕਿਆਂ ਨੂੰ ਵੀ ਉਤਸ਼ਾਹ ਮਿਲੇਗਾ।
ਇਸ ਦੇ ਨਾਲ ਹੀ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸਰਪ੍ਰਸਤ ਡਾ. ਸੰਦੀਪ ਘੰਡ, ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਇਸ ਵੱਡੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤਾਂ ਕਿ ਹੋਰ ਨੌਜਵਾਨ ਵੀ ਉਸ ਦੀ ਮਿਹਨਤ ਤੋਂ ਪ੍ਰੇਰਨਾ ਲੈ ਸਕਣ।
ਵੀਡੀਓ ਲਈ ਕਲਿੱਕ ਕਰੋ -: