rana ranbir harbhajan mann appeal to join farmer struggle:ਕਿਸਾਨਾਂ ਦੇ ਖਿਲਾਫ ਪਾਸ ਕੀਤੇ ਗਏ ਬਿੱਲਾਂ ਦੇ ਵਿਰੋਧ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਅੱਗੇ ਆਏ ਹਨ । ਜਿੱਥੇ ਪਹਿਲਾਂ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਬੱਬੂ ਮਾਨ ਨੇ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ ਹਨ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਵੀ ਕਿਸਾਨਾਂ ਦੇ ਹੱਕ ‘ਚ ਜਲਦ ਹੀ ਇੱਕ ਰੈਲੀ ਵੀ ਕੱਢਣ ਜਾ ਰਹੇ ਹਨ ।ਕਿਸਾਨਾਂ ਦੇ ਸਮਰਥਨ ‘ਚ ਹੁਣ ਹਰਭਜਨ ਮਾਨ ਅਤੇ ਰਾਣਾ ਰਣਬੀਰ ਨੇ ਵੀ ਪੋਸਟ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਹਰਭਜਨ ਮਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਚ ਹਰਭਜਨ ਮਾਨ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਕਿਸਾਨਾਂ ਦੇ ਹੱਕ ‘ਚ ਅੱਗੇ ਆਉਣ ਦੀ ਅਪੀਲ ਸਭ ਨੂੰ ਕੀਤੀ ਹੈ ।“ਚੱਲ ਕੇ ਖ਼ੁਦ ਆਪ ਬਣਾਉਣਾ ਪੈਂਦਾ ਹੈ ਰਾਹਾਂ ਨੂੰ,ਕਿਹੜਾ ਬੰਨ੍ਹ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ” 25 ਸਤੰਬਰ ਨੂੰ ਘਰ ਨਹੀਂ ਬਹਿਣਾ ਪੰਜਾਬੀਓ! 25 ਸਤੰਬਰ ਨੂੰ ਕਿਸਾਨ–ਮਜ਼ਦੂਰ ਆਪਣੇ ਹਿੱਤਾਂ ਦੀ ਰਾਖੀ ਲਈ ਸ਼ਾਂਤਮਈ ਸੰਘਰਸ਼ ਕਰਨ ਜਾ ਰਹੇ ਨੇ ਪਰ ਇਹ ਸੰਘਰਸ਼ ਸਿਰਫ਼ ਕਿਸਾਨ–ਮਜ਼ਦੂਰ ਦੇ ਹਿੱਤਾਂ ਦਾ ਸੰਘਰਸ਼ ਨਹੀਂ ਹੈ, ਸਗੋਂ ਸਾਡੀ ਹੋਂਦ ਦਾ ਸੰਘਰਸ਼ ਹੈ।
ਇਹ ਨਿੱਜ ਦੀ ਲੜਾਈ ਨਹੀਂ, ਸਗੋਂ ਹਰ ਇੱਕ ਉਸ ਸ਼ਖ਼ਸ ਦੀ ਲੜਾਈ ਹੈ, ਜੋ ਢਿੱਡ ਦੀ ਭੁੱਖ ਮਿਟਾਉਣ ਲਈ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦਾ ਹੈ। ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਰੋਟੀ ਦੀ ਓਹੀ ਬੁਰਕੀ ਹੈ, ਜੋ ਕਿਸਾਨ–ਮਜ਼ਦੂਰਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਾਨੂੰ ਨਸੀਬ ਹੁੰਦੀ ਹੈ। ਮੈਂ 25 ਸਤੰਬਰ ਨੂੰ ਕਿਸਾਨ–ਮਜ਼ਦੂਰਾਂ ਦੇ ਇਸ ਸ਼ਾਂਤਮਈ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਣ ਜਾ ਰਿਹਾਂ। ਉਨ੍ਹਾਂ ਦਾ ਸਾਥ ਦੇਣ ਲਈ ਮੈਂ ਕਲਾਕਾਰ ਨਹੀਂ ਸਗੋਂ ਆਮ ਕਿਸਾਨ ਦਾ ਪੁੱਤ ਬਣਕੇ ਕਿਸਾਨਾਂ–ਮਜ਼ਦੂਰਾਂ ਵਿੱਚ ਕਿਸਾਨ ਦੇ ਪੁੱਤ ਦੀ ਹੈਸੀਅਤ ਨਾਲ ਸ਼ਰੀਕ ਹੋਵਾਂਗਾ।ਮੈਂ ਇਸ ਮੌਕੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿਉਂਕਿ ਉਹ ਪਹਿਲਾਂ ਵੀ ਲੋਕ ਹਿੱਤਾਂ ਦੇ ਸੰਘਰਸ਼ ਵਿੱਚ ਬਿਹਤਰੀਨ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਇਸ ਵਾਰ ਵੀ ਕਿਸਾਨ–ਮਜ਼ਦੂਰਾਂ ਦੇ ਸੰਘਰਸ਼ ਨੂੰ ਆਪਣਾ ਸੰਘਰਸ਼ ਸਮਝ ਕੇ ਉਨ੍ਹਾਂ ਦਾ ਸਾਥ ਦੇਣਗੇ। ਨੌਜਵਾਨ ਇਸ ਹੱਕਾਂ ਦੀ ਲਹਿਰ ਨੂੰ ਹੋਰ ਵੀ ਪ੍ਰਚੰਡ ਕਰਨ ਅਤੇ ਸੋਸ਼ਲ ਮੀਡੀਆ ਜ਼ਰੀਏ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਇਹ ਲੋਕ ਲਹਿਰ ਬਣ ਜਾਵੇ। ਮੇਰੀ ਨੌਜਵਾਨਾਂ ਨੂੰ ਇਹ ਵੀ ਅਪੀਲ ਹੈ ਕਿ ਇਸ ਸੰਘਰਸ਼ ਵਿੱਚ ਜੋਸ਼ ਦੇ ਨਾਲ–ਨਾਲ ਹੋਸ਼ ਵੀ ਰੱਖਿਆ ਜਾਵੇ ਅਤੇ ਕਿਸੇ ਕਿਸਮ ਦੀ ਹੁੱਲੜਬਾਜ਼ੀ ਜਾਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।
ਮੈਂ ਮਨੋਰੰਜਨ ਇੰਡਸਟਰੀ ਦੀ ਹਰ ਉਹ ਸ਼ਖ਼ਸੀਅਤ ਦਾ ਧੰਨਵਾਦ ਵੀ ਕਰਦਾ ਹਾਂ ਜੋ ਇਸ ਸੰਘਰਸ਼ ਨੂੰ ਆਪਣੀ ਹਮਾਇਤ ਦੇ ਰਹੇ ਹਨ। ਇਹ ਸੰਘਰਸ਼ ਸਿਰਫ਼ 25 ਸਤੰਬਰ ਦਾ ਸੰਘਰਸ਼ ਨਹੀਂ, ਸਗੋਂ ਇਹ ਸੰਘਰਸ਼ ਓਦੋਂ ਤੱਕ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ ਜਦੋਂ ਤੱਕ ਕਿਸਾਨ ਮਜ਼ਦੂਰਾਂ ਨੂੰ ਉਨ੍ਹਾਂ ਦਾ ਆਪਣਾ ਉਹ ਹੱਕ ਨਹੀਂ ਮਿਲ ਜਾਂਦਾ। ਬੂੰਦ–ਬੂੰਦ ਜੁੜਕੇ ਇਸ ਸੰਘਰਸ਼ ਨੂੰ ਦਰਿਆ ਬਣਾਉਣ ਲਈ ਤੁਸੀਂ ਜ਼ਰੂਰ ਆਉਣਾ 25 ਸਤੰਬਰ ਨੂੰ ਇਸ ਸੰਘਰਸ਼ ਵਿੱਚ,ਕਿਸੇ ਵੀ ਪਾਰਟੀ ਲਈ ਨਹੀਂ ਇਕੱਲੇ ਕਿਸਾਨ ਸੰਘਰਸ਼ ਦਾ ਹਿੱਸਾ ਬਣਕੇ”।