jaspinder narula father passed away:ਲੱਗਦਾ ਹੈ ਇਹ 2020 ਜਿੱਥੇ ਆਮ ਲੋਕਾਂ ਲਈ ਕਾਫੀ ਅਨਲੱਕੀ ਜਾ ਰਿਹਾ ਹੈ ਉੱਥੇ ਹੀ ਸਿਤਾਰਿਆਂ ਦੇ ਲਈ ਵੀ, ਇਸ ਦੇ ਚਲਦੇ ਹੀ ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਨਰੂਲਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਜਸਪਿੰਦਰ ਨਰੂਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ । ਉਨ੍ਹਾਂ ਦੇ ਪਿਤਾ ਨੇ ਮੁੰਬਈ ਦੇ ਇੱਕ ਹਸਪਤਾਲ ‘ਚ ਆਖਰੀ ਸਾਹ ਲਏ । ਕੇਸਰ ਸਿੰਘ ਨਰੂਲਾ ਨੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਦੇ ਨਾਲ ਕੰਮ ਕੀਤਾ ਸੀ ।ਸੰਗੀਤ ਨਿਰਦੇਸ਼ਨ ‘ਚ ਮਹਾਰਤ ਰੱਖਣ ਵਾਲੇ ਸਰਦਾਰ ਕੇਸਰ ਸਿੰਘ ਭਾਈ ਗੋਪਾਲ ਸਿੰਘ ਰਾਗੀ, ਸੰਤ ਅਨੂਪ ਸਿੰਘ ਅਤੇ ਸੰਤ ਮਸਕੀਨ ਜੀ ਵਰਗੀਆਂ ਹਸਤੀਆਂ ਦੀ ਸੁਹਬਤ ‘ਚ ਰਹੇ ਸਨ ।1956 ਵਿੱਚ ਐੱਚਐੱਮਵੀ ਕੰਪਨੀ ਨੇ ਕੇਸਰ ਸਿੰਘ ਨੂੰ ਬਤੌਰ ਸੰਗੀਤ ਨਿਰਦੇਸ਼ਕ ਪੱਕੇ ਤੌਰ ’ਤੇ ਤਾਇਨਾਤ ਕਰ ਦਿੱਤਾ। ਕੇਸਰ ਸਿੰਘ ਨੇ ਲਗਾਤਾਰ ਚਾਰ ਦਹਾਕੇ ਕੰਪਨੀ ਦੀ ਰਿਕਾਰਡਿੰਗ ਲਈ ਸੰਗੀਤ ਦਿੱਤਾ। ਇਸ ਲੰਬੇ ਅਰਸੇ ਵਿੱਚ ਨਰੂਲਾ ਨੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ।
ਇਨ੍ਹਾਂ ਵਿੱਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਮੋਹਣੀ ਨਰੂਲਾ, ਯਮਲਾ ਜੱਟ, ਸ਼ਾਦੀ ਬਖਸ਼ੀ ਭਰਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਸਵਰਨ ਲਤਾ, ਚਾਂਦੀ ਰਾਮ, ਕਰਮਜੀਤ ਧੂਰੀ, ਮੁਹੰਮਦ ਸਦੀਕ, ਰਣਜੀਤ ਕੌਰ, ਜਗਮੋਹਨ ਕੌਰ, ਦੀਦਾਰ ਸੰਧੂ, ਕੁਲਦੀਪ ਮਾਣਕ ਤੋਂ ਇਲਾਵਾ ਅਣਗਿਣਤ ਕਲਾਕਾਰਾਂ ਦੇ ਨਾਂ ਸ਼ਾਮਲ ਹਨ। ਉੱਥੇ ਹੀ ਵੱਡੀ ਧੀ ਜਸਪਿੰਦਰ ਨਰੂਲਾ ਦੀ ਗੱਲ ਕਰੀਏ ਤਾਂ ਉਹ ਸੰਗੀਤ ਜਗਤ ਵਿੱਚ ਕਿਸੇ ਜਾਣ ਪਛਾਣ ਦੀ ਮੁਥਾਜ ਨਹੀਂ। ਛੋਟੀ ਧੀ ਪਰਮਿੰਦਰ ਨਰੂਲਾ ਕਲਾਸੀਕਲ ਨਾਚਾਂ ਦੀ ਮਾਹਿਰ ਹੈ। ਵਿਚਕਾਰਲਾ ਪੁੱਤਰ ਮਿੱਕੀ ਸਿੰਘ ਨਰੂਲਾ ਆਪਣੇ ਪਿਤਾ ਵਾਂਗ ਹੀ ਸੰਗੀਤਕਾਰ ਹੈ।ਉਹ ਫ਼ਿਲਮੀ ਅਤੇ ਗੈਰ ਫ਼ਿਲਮੀ ਸੰਗੀਤ ਦੇ ਰਿਹਾ ਹੈ। ਜਸਪਿੰਦਰ, ਪਰਮਿੰਦਰ ਤੇ ਮਿੱਕੀ ਮੁੰਬਈ ਰਹਿ ਰਹੇ ਹਨ ਤੇ ਆਪੋ ਆਪਣੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ।