ਹਿਮਾਚਲ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੀਆਂ ਟੈਕਸੀਆਂ ਅਤੇ ਟੂਰਿਸਟ ਬੱਸਾਂ ‘ਤੇ ਭਾਰੀ ਟੈਕਸ ਲਗਾ ਦਿੱਤਾ ਹੈ। ਇਸ ਤੋਂ ਨਾਰਾਜ਼ ਹੋ ਕੇ ਗੁਜਰਾਤ ਅਤੇ ਕਲਕੱਤਾ ਦੇ ਟਰੈਵਲ ਏਜੰਟਾਂ ਨੇ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕਰ ਦਿੱਤਾ ਹੈ। ਹੁਣ ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕਾਂ ਨੇ ਵੀ ਬਾਈਕਾਟ ਦੇ ਨਾਲ-ਨਾਲ ਸਰਹੱਦ ਸੀਲ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਨ੍ਹੀਂ ਦਿਨੀਂ ਚੰਡੀਗੜ੍ਹ-ਪੰਜਾਬ ਤੋਂ ਕੁਝ ਹੀ ਟੈਕਸੀਆਂ ਹਿਮਾਚਲ ਆ ਰਹੀਆਂ ਹਨ। ਇਸ ਦਾ ਅਸਰ ਸੂਬੇ ਦੇ ਸੈਰ ਸਪਾਟੇ ‘ਤੇ ਸਾਫ਼ ਨਜ਼ਰ ਆ ਰਿਹਾ ਹੈ। ਆਜ਼ਾਦ ਟੈਕਸੀ ਯੂਨੀਅਨ ਚੰਡੀਗੜ੍ਹ-ਪੰਜਾਬ ਦੇ ਪ੍ਰਧਾਨ ਸ਼ਰਨਜੀਤ ਕਲਸੀ ਨੇ ਕਿਹਾ ਕਿ ਯੂਨੀਅਨ ਨੇ ਹਿਮਾਚਲ ਲਈ ਬੁਕਿੰਗ ਲੈਣੀ ਬੰਦ ਕਰ ਦਿੱਤੀ ਹੈ ਅਤੇ ਐਡਵਾਂਸ ਬੁਕਿੰਗ ਰੱਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਟੈਕਸੀ, ਟੈਂਪੂ ਅਤੇ ਬੱਸ ਅਪਰੇਟਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਸ ਤੋਂ ਬਾਅਦ ਵੀ ਜੇਕਰ ਹਿਮਾਚਲ ਸਰਕਾਰ ਨੇ ਆਲ ਇੰਡੀਆ ਟੂਰਿਸਟ ਪਰਮਿਟ ਵਾਲੇ ਵਾਹਨਾਂ ‘ਤੇ ਟੈਕਸ ਖਤਮ ਨਾ ਕੀਤਾ ਤਾਂ 15 ਅਕਤੂਬਰ ਤੱਕ ਸਰਹੱਦ ਨੂੰ ਸੀਲ ਕਰਨ ਲਈ ਮਜਬੂਰ ਹੋਣਗੇ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ-ਪੰਜਾਬ ਦੇ ਟੈਕਸੀ ਚਾਲਕ ਸਰਹੱਦ ਨੂੰ ਸੀਲ ਕਰਨ ਦੀ ਤਿਆਰੀ ਕਰ ਰਹੇ ਸਨ। ਇਸ ਮਗਰੋਂ ਡੀਸੀ ਸੋਲਨ ਦੇ ਭਰੋਸੇ ’ਤੇ ਉਨ੍ਹਾਂ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ।