ਗੁਜਰਾਤ ਵਿੱਚ ਮੀਂਹ ਕਾਰਨ ਐਮਰਜੈਂਸੀ ਚੱਲ ਰਹੀ ਹੈ। ਰਿਕਾਰਡ ਬਾਰਿਸ਼ ਕਾਰਨ ਮੌਸਮ ਵਿਭਾਗ ਨੇ ਗੁਜਰਾਤ ਦੇ 27 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ । ਪਿਛਲੇ 48 ਘੰਟਿਆਂ ਦੀ ਭਾਰੀ ਬਾਰਿਸ਼ ਨੇ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਸਨ। ਹੁਣ ਮੌਸਮ ਵਿਭਾਗ ਨੇ 28 ਅਤੇ 29 ਅਗਸਤ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਜ਼ਿਆਦਾਤਰ ਡੈਮ ਓਵਰਫਲੋ ਹੋ ਚੁੱਕੇ ਹਨ। ਨਦੀਆਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕੇ ਤਬਾਹੀ ਮਚਾਉਣ ਲਈ ਬੇਤਾਬ ਹਨ। ਰਿਹਾਇਸ਼ੀ ਇਲਾਕੇ ਟਾਪੂਆਂ ਵਿੱਚ ਤਬਦੀਲ ਹੋ ਗਏ ਹਨ । ਮੂਸਲਾਧਾਰ ਬਾਰਿਸ਼ ਤੋਂ ਬਾਅਦ ਕਈ-ਕਈ ਫੁੱਟ ਤੱਕ ਪਾਣੀ ਖੜ੍ਹਾ ਹੋਣ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਕੈਦ ਰਹਿਣ ਲਈ ਮਜਬੂਰ ਹਨ।
ਗੁਜਰਾਤ ਵਿੱਚ ਅਸਮਾਨੀ ਆਫ਼ਤ ਨੇ ਤਬਾਹੀ ਮਚਾ ਦਿੱਤੀ ਹੈ। ਜਾਮਨਗਰ ਤੋਂ ਲੈ ਕੇ ਜੂਨਾਗੜ੍ਹ, ਵਡੋਦਰਾ ਤੋਂ ਬਨਾਸਕਾਂਠਾ ਅਤੇ ਅਰਾਵਲੀ ਤੋਂ ਅਹਿਮਦਾਬਾਦ ਤੱਕ ਪਾਣੀ ਦਾ ਸੰਕਟ ਦਿਖਾਈ ਦੇ ਰਿਹਾ ਹੈ। ਪਾਸ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਪਾਣੀ ਭਰਨ ਕਾਰਨ ਪ੍ਰੇਸ਼ਾਨ ਦਿਖਾਈ ਦਿੱਤੇ । ਇਸ ਦੇ ਨਾਲ ਹੀ ਵਡੋਦਰਾ ‘ਚ ਸੜਕਾਂ ‘ਤੇ ਕਈ ਫੁੱਟ ਪਾਣੀ ਖੜ੍ਹਾ ਹੈ। ਵਡੋਦਰਾ ‘ਚ ਪਿਛਲੇ 48 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਸ਼ਹਿਰ ਦੀ ਰਫਤਾਰ ‘ਤੇ ਬ੍ਰੇਕ ਲਗਾ ਦਿੱਤੀ ਹੈ। ਪ੍ਰਸ਼ਾਸਨ ਅਤੇ ਏਡੀਆਰਐਫ ਦੀ ਟੀਮ ਨੀਵੇਂ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਬਚਾ ਰਹੀ ਹੈ। ਵਿਸ਼ਵਾਮਿੱਤਰ ਨਦੀ ਖ਼ਤਰੇ ਦੇ ਪੱਧਰ ਤੋਂ 8 ਫੁੱਟ ਉੱਪਰ ਵਹਿ ਰਹੀ ਹੈ। ਜਿਸ ਕਾਰਨ ਨੀਵੇਂ ਇਲਾਕਿਆਂ ਦੇ ਡੁੱਬਣ ਦਾ ਖਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਦੀ ਟੀਮ ਹੁਣ ਤੱਕ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ ‘ਚ 176 ਸਾਲ ਪੁਰਾਣੇ ਘਰ ‘ਚ ਰਹਿਣਗੇ CM ਮਾਨ, ਕਈ ਸਹੂਲਤਾਂ ਨਾਲ ਲੈਸ ਹੋਵੇਗਾ ਘਰ
ਦੱਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ 29 ਅਗਸਤ ਨੂੰ ਵੀ ਸੌਰਾਸ਼ਟਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ ਗੁਜਰਾਤ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਹੈ । ਕੱਛ ਅਤੇ ਸੌਰਾਸ਼ਟਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅਹਿਮਦਾਬਾਦ, ਖੇੜਾ, ਆਨੰਦ, ਦਾਹੋਦ, ਮਹੀਸਾਗਰ, ਵਡੋਦਰਾ, ਪੰਚਮਹਾਲ, ਛੋਟੇਉਦੇਪੁਰ, ਭਰੂਚ ਅਤੇ ਨਰਮਦਾ ਭਾਰੀ ਬਾਰਸ਼ ਨਾਲ ਰੈੱਡ ਅਲਰਟ ‘ਤੇ ਹਨ। ਸੂਰਤ, ਤਾਪੀ, ਨਵਸਾਰੀ, ਡਾਂਗਾਂ, ਵਲਸਾਡ, ਦਮਨ ਅਤੇ ਦਾਦਰਾ ਨਗਰ ਹਵੇਲੀ ਵਿੱਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: