ਦਸੂਹਾ ਦੇ ਅੱਡਾ ਗਰਨਾ ਸਾਹਿਬ ਨੇੜੇ ਬੀਤੀ ਰਾਤ ਘੁੰਮਣ ਪੈਟ੍ਰੋਲ ਪੰਪ ‘ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ 16 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਪੈਟ੍ਰੋਲ ਪੰਪ ‘ਤੇ ਲੱਗੇ ਸੀ.ਸੀ.ਟੀ.ਵੀ ‘ਚ ਕੈਦ ਹੋ ਗਈ ਹੈ। ਇਹ ਘਟਨਾ ਦਸੂਹਾ ਜਲੰਧਰ ਮੁੱਖ ਮਾਰਗ ‘ਤੇ ਅੱਡਾ ਗਰਨਾ ਸਾਹਿਬ ਨੇੜੇ ਵਾਪਰੀ।
ਜਾਣਕਾਰੀ ਦਿੰਦਿਆਂ ਪੰਪ ‘ਤੇ ਕੰਮ ਕਰਦੇ ਕਰਮਚਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 7:30 ਵਜੇ ਤਿੰਨ ਲੁਟੇਰੇ ਇਕ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਲੁਟੇਰਿਆਂ ਨੇ ਖੜ੍ਹੀ ਪੈਟ੍ਰੋਲ ਪੰਪ ਮਾਲਕ ਦੀ ਸਕਾਰਪੀਓ ਕਾਰ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਤੋਂ ਬਾਅਦ ਲੁਟੇਰੇ ਪੰਪ ਦੇ ਦਫ਼ਤਰ ‘ਚ ਦਾਖਲ ਹੋਏ ਅਤੇ ਸਾਰਿਆਂ ਨੂੰ ਡਰਾ-ਧਮਕਾ ਕੇ 16,000 ਰੁਪਏ ਲੁੱਟ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖੁਸ਼ਖਬਰੀ! ਹੁਣ ਲੈਂਡਿੰਗ ਦੇ 30 ਮਿੰਟਾਂ ‘ਚ ਹੋਵੇਗੀ ਯਾਤਰੀਆਂ ਦੇ ਸਮਾਨ ਦੀ ਡਿਲੀਵਰੀ
ਦਸੂਹਾ ਪੈਟਰੋਲ ਪੰਪ ‘ਤੇ ਲੁੱਟ ਦੀ ਘਟਨਾ ਬਾਰੇ ਦਸੂਹਾ ਥਾਣੇ ਦੇ ASI ਜੱਗਾ ਰਾਮ ਦਾ ਕਹਿਣਾ ਹੈ ਕਿ ਇਸ ਸਬੰਧੀ ਪੰਪ ਦੇ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਰਾਤ ਨੂੰ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਲਦੀ ਹੀ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾਵੇਗੀ। ਥਾਣਾ ਇੰਚਾਰਜ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।