ਕਪੂਰਥਲਾ ਦੇ ਪਿੰਡ ਸਿੱਧਵਾਂ ‘ਚ ਦੇਰ ਸ਼ਾਮ ਇੱਕ ਮੰਦਭਾਗੀ ਘਟਨਾ ਵਾਪਰੀ, ਜਿਸ ‘ਚ ਇੱਕ 21 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ ਖੇਤਾਂ ‘ਚ ਕੰਮ ਕਰ ਰਹੇ ਨੌਜਵਾਨ ਤੇ ਅਸਮਾਨੀ ਬਿਜਲੀ ਡਿੱਗ ਗਈ ਅਤੇ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸੋਗ ਦੀ ਲਹਿਰ ਹੈ।
ਮ੍ਰਿਤਕ ਦੀ ਪਛਾਣ ਜਸਕੀਰਤ ਸਿੰਘ ਜੱਸੀ (21) ਪੁੱਤਰ ਜਸਵੀਰ ਸਿੰਘ ਸਿੱਧੂ ਵਾਸੀ ਪਿੰਡ ਸਿੱਧਵਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਕੀਰਤ ਸਿੰਘ ਮੌਸਮ ਖ਼ਰਾਬ ਹੋਣ ਕਾਰਨ ਆਪਣੇ ਖੇਤਾਂ ਵਿਚ ਲੱਗੀਆਂ ਆਲੂਆਂ ਦੀਆਂ ਢੇਰੀਆਂ ਨੂੰ ਤਰਪਾਲ ਦੇ ਨਾਲ ਢੱਕ ਰਿਹਾ ਸੀ ਤਾਂ ਅਚਾਨਕ ਉਸ ਦੇ ਉੱਪਰ ਅਸਮਾਨੀ ਬਿਜਲੀ ਡਿੱਗ ਪਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਖੰਨਾ ‘ਚ 5 ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਲਾਲੀ ਦੀ ਮੌ.ਤ, ਜਿੰਮ ‘ਚ ਕਸਰਤ ਕਰਦੇ ਸਮੇਂ ਪਿਆ ਦਿਲ ਦਾ ਦੌਰਾ
ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਜਿਸ ਸਮੇਂ ਨੌਜਵਾਨ ’ਤੇ ਬਿਜਲੀ ਡਿੱਗੀ ਅਤੇ ਉਸ ਸਮੇਂ ਅੱਗ ਦੀਆਂ ਲਾਟਾਂ ਦੇਖਣ ਨੂੰ ਮਿਲੀਆਂ ਅਤੇ ਖੇਤਾਂ ਵਿਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ’ਤੇ ਪਾਣੀ ਪਾਇਆ ਪਰ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ ਉੱਪਰ ਕੰਨ ਅਤੇ ਪੈਰ ਤੇ ਨਿਸ਼ਾਨ ਪਏ ਸਨ ਜਿੰਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਬਿਜਲੀ ਸਿਰ ਵਾਲੇ ਹਿੱਸੇ ਤੋਂ ਪੈ ਕੇ ਪੈਰਾਂ ਵਾਲੇ ਪਾਸੇ ਦੀ ਨਿਕਲ ਗਈ।