ਅਫਗਾਨਿਸਤਾਨ ਨੇ ਨਵੀਂ ਦਿੱਲੀ ਸਥਿਤ ਆਪਣੇ ਦੂਤਾਵਾਸ ਨੂੰ ਸਥਾਈ ਰੂਪ ਨਾਲ ਬੰਦ ਕਰਨ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ ਵਿੱਚ ਆਪਣੇ ਰਾਜਨੀਤਿਕ ਮਿਸ਼ਨ ਨੂੰ ਬੰਦ ਕਰਨ ‘ਤੇ ਅਧਿਕਾਰਿਕ ਬਿਆਨ ਜਾਰੀ ਕਰਦੇ ਹੋਏ ਅਫਗਾਨ ਦੂਤਾਵਾਸ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਗਾਤਾਰ ਆ ਰਹੀਆਂ ਚੁਣੌਤੀਆਂ ਕਾਰਨ 23 ਨਵੰਬਰ,2023 ਤੋਂ ਇਹ ਆਦੇਸ਼ ਲਾਗੂ ਹੁੰਦਾ ਹੈ। ਇਹ ਫੈਸਲਾ ਦੂਤਾਵਾਸ ਵੱਲੋਂ 30 ਸਤੰਬਰ ਨੂੰ ਸੰਚਾਲਨ ਬੰਦ ਕਰਨ ਦੇ ਫੈਸਲੇ ਦੀ ਪਾਲਣਾ ਕਰਦਾ ਹੈ। ਇਹ ਕਦਮ ਇਸ ਉਮੀਦ ਵਿੱਚ ਚੁੱਕਿਆ ਗਿਆ ਹੈ ਕਿ ਮਿਸ਼ਨ ਨੂੰ ਆਮ ਸੰਚਾਲਿਤ ਕਰਨ ਦੇ ਲਈ ਭਾਰਤ ਸਰਕਾਰ ਦੇ ਰਵੱਈਏ ਵਿੱਚ ਅਨੁਕੂਲ ਤਬਦੀਲੀ ਆਵੇਗੀ।
ਅਫਗਾਨਿਸਤਾਨ ਦੂਤਾਵਾਸ ਨੇ ਅੱਗੇ ਕਿਹਾ ਕਿ ਇਹ ‘ਸਮਝਣਯੋਗ’ ਹੈ ਕਿ ਕੁਝ ਲੋਕ ਇਸ ਕਦਮ ਨੂੰ ਅੰਦਰੂਨੀ ਟਕਰਾਅ ਵਜੋਂ ਲੇਬਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਜਿਸ ਵਿੱਚ ਕਿਹਾ ਜਾ ਸਕਦਾ ਹੈ ਕਿ ਡਿਪਲੋਮੈਟਾਂ ਨੇ ਤਾਲਿਬਾਨ ਪ੍ਰਤੀ ਵਫ਼ਾਦਾਰੀ ਬਦਲ ਲਈ ਹੈ। ਪਰ ‘ਇਹ ਫੈਸਲਾ ਨੀਤੀ ਅਤੇ ਹਿੱਤਾਂ ਵਿੱਚ ਵਿਆਪਕ ਬਦਲਾਅ ਦਾ ਨਤੀਜਾ ਹੈ। ਦੂਤਾਵਾਸ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਸਾਡੇ ਮਿਸ਼ਨ ਦੇ ਕਾਰਜਕਾਲ ਦੌਰਾਨ ਅਫਗਾਨ ਨਾਗਰਿਕਾਂ ਦੀ ਸਮਝ ਅਤੇ ਸਮਰਥਨ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਸੀਮਤ ਸਾਧਨਾਂ ਅਤੇ ਸ਼ਕਤੀਆਂ ਦੇ ਬਾਵਜੂਦ ਅਸੀਂ ਕਾਬੁਲ ਵਿੱਚ ਇੱਕ ਕਾਨੂੰਨੀ ਸਰਕਾਰ ਦੀ ਗੈਰ-ਹਾਜ਼ਰੀ ਵਿੱਚ ਭਾਰਤ ਵਿੱਚ ਆਪਣੇ ਨਾਗਰਿਕਾਂ ਦੀ ਬਿਹਤਰੀ ਲਈ ਅਣਥੱਕ ਯਤਨ ਕੀਤੇ।
ਅਫਗਾਨਿਸਤਾਨ ਦੂਤਾਵਾਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅਸੀਂ ਅਫਗਾਨ ਭਾਈਚਾਰੇ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਮਿਸ਼ਨ ਪਾਰਦਸ਼ਤਾ, ਜਵਾਬਦੇਹੀ ਤੇ ਭਾਰਤ ਨਾਲ ਇਤਿਹਾਸਕ ਸਬੰਧਾਂ ਅਤੇ ਦੁਵੱਲੇ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਫਗਾਨਿਸਤਾਨ ਦੀ ਸਦਭਾਵਨਾ ਅਤੇ ਹਿੱਤਾਂ ਦੇ ਆਧਾਰ ‘ਤੇ ਨਿਰਪੱਖਤਾ ਅਤੇ ਵਚਨਬੱਧਤਾ ਨਾਲ ਮਿਸ਼ਨ ਦਾ ਸੰਚਾਲਨ ਹੋਇਆ । ਇਸ ਤੋਂ ਪਹਿਲਾਂ 30 ਸਤੰਬਰ ਨੂੰ ਅਫਗਾਨ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਮੇਜ਼ਬਾਨ ਸਰਕਾਰ ਤੋਂ ਲੋੜੀਂਦੇ ਸਮਰਥਨ ਦੀ ਘਾਟ, ਸਰੋਤਾਂ ਅਤੇ ਕਰਮਚਾਰੀਆਂ ਦੀ ਕਮੀ ਕਾਰਨ ਅਫਗਾਨਿਸਤਾਨ ਦੇ ਸਰਵੋਤਮ ਹਿੱਤਾਂ ਦੀ ਸੇਵਾ ਕਰਨ ਵਿੱਚ ਉਮੀਦਾਂ ‘ਤੇ ਖਰਾ ਉਤਰਨ ਵਿੱਚ ਸਫਲ ਨਹੀਂ ਹੋ ਰਿਹਾ। ਇਸ ਲਈ ਉਹ 1 ਅਕਤੂਬਰ ਤੋਂ ਆਪਣਾ ਕੰਮਕਾਜ ਬੰਦ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –