ਇੱਕ ਪਾਸੇ ਜਿੱਥੇ ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਕਈ ਕਿਸਾਨ ਇਸ ਨੂੰ ਵੇਚ ਕੇ ਅਮੀਰ ਹੋ ਰਹੇ ਹਨ। ਇਸੇ ਵਿਚਾਲੇ ਇੱਕ ਮਾਮਲਾ ਹੁਣ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ 48 ਸਾਲਾ ਕਿਸਾਨ ਮੁਰਲੀ ਟਮਾਟਰ ਵੇਚ ਕੇ ਕਰੋੜਪਤੀ ਬਣ ਗਿਆ ਹੈ। ਮੁਰਲੀ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ । ਮੁਰਲੀ ਨੇ ਟਮਾਟਰ ਵੇਚ ਕੇ 45 ਦਿਨਾਂ ਵਿੱਚ 4 ਕਰੋੜ ਕਮਾ ਲਏ ਹਨ।
ਕਿਸਾਨ ਮੁਰਲੀ ਨੇ ਆਪਣੀ ਉਪਜ ਮਦਨਪੱਲੇ ਮੰਡੀ ਦੇ ਨਾਲ ਹੀ ਕੀਮਤ ਵੱਧ ਹੋਣ ‘ਤੇ ਗੁਆਂਢੀ ਰਾਜ ਕਰਨਾਟਕ ਨੂੰ ਭੇਜੀ ਸੀ । ਕਿਸਾਨ ਮੁਰਲੀ ਅਤੇ ਉਸਦੀ ਪਤਨੀ ਨੇ ਅਪ੍ਰੈਲ ਵਿੱਚ ਕਰਕਮੰਡਲਾ ਪਿੰਡ ਵਿੱਚ 22 ਏਕੜ ਜ਼ਮੀਨ ਵਿੱਚ ਟਮਾਟਰ ਦੀ ਖੇਤੀ ਕੀਤੀ ਸੀ । ਮਹਿਜ਼ 45 ਦਿਨਾਂ ਵਿੱਚ ਉਸ ਨੇ ਟਮਾਟਰ ਦੇ 40,000 ਬਾਕਸ ਵੇਚ ਕੇ 4 ਕਰੋੜ ਰੁਪਏ ਕਮਾਏ ਹਨ। ਹਰੇਕ ਡੱਬੇ ਵਿੱਚ 25 ਕਿਲੋ ਟਮਾਟਰ ਹੁੰਦੇ ਹਨ।
ਚੰਗੀ ਕਮਾਈ ਦੀ ਮਦਦ ਨਾਲ ਉਸਨੇ 1.5 ਕਰੋੜ ਰੁਪਏ ਦਾ ਕਰਜ਼ਾ ਵੀ ਚੁਕਾ ਦਿੱਤਾ । ਕਿਸਾਨ ਨੇ ਇਹ ਕਰਜ਼ਾ ਪਿਛਲੇ ਸਾਲ ਟਮਾਟਰ ਦੀ ਖੇਤੀ ਕਰਨ ਲਈ ਹੀ ਲਿਆ ਸੀ। ਮੁਰਲੀ ਨੇ ਦੱਸਿਆ ਕਿ ਇਸ ਵਾਰ ਬਿਜਲੀ ਦੀ ਸਪਲਾਈ ਵਧੀਆ ਹੋਣ ਕਾਰਨ ਝਾੜ ਵੀ ਚੰਗਾ ਰਿਹਾ ਹੈ। ਹਾਲਾਂਕਿ, ਟਮਾਟਰ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਸਭ ਤੋਂ ਵੱਡਾ ਬਦਲਾਅ ਸਾਬਤ ਹੋਇਆ।
ਮੁਰਲੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਸ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਟਮਾਟਰ ਦੇ ਉਤਪਾਦਨ ਤੋਂ ਇੰਨੀ ਕਮਾਈ ਕਰੇਗਾ। ਉਸਨੇ ਲਾਭ ਦਾ ਇੱਕ ਹਿੱਸਾ ਬਾਗਬਾਨੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਕਿਸਾਨ ਬੰਸੁਵਦਾ ਮਹੀਪਾਲ ਨੇ ਇੱਕ ਮਹੀਨੇ ਵਿੱਚ ਟਮਾਟਰ ਵੇਚ ਕੇ ਦੋ ਕਰੋੜ ਰੁਪਏ ਕਮਾਏ ਸਨ।
ਵੀਡੀਓ ਲਈ ਕਲਿੱਕ ਕਰੋ -: