ਚੰਡੀਗੜ੍ਹ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਸ਼ਹਿਰ ਵਿੱਚ 96MM ਬਾਰਿਸ਼ ਹੋਈ। ਸ਼ਹਿਰ ਦੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੁਖਨਾ ਝੀਲ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਸ਼ਹਿਰ ਵਿੱਚ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲਿਸ ਵੱਲੋਂ ਲਗਾਤਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੰਭਾਲ ਕੇ ਡਰਾਈਵਿੰਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਆਮ ਲੋਕਾਂ ਨੂੰ ਝੀਲ, ਛੱਪੜ ਆਦਿ ਦੇ ਨੇੜੇ ਜਾਣ ਦੀ ਮਨਾਹੀ ਕੀਤੀ ਗਈ ਹੈ। ਸਿਵਲ ਅਥਾਰਟੀ ਅਤੇ ਨਗਰ ਨਿਗਮ ਇੰਜੀਨੀਅਰਿੰਗ ਵਿਭਾਗ ਆਦਿ ਨੂੰ ਬਾਰਿਸ਼ ਦੇ ਚੱਲਦਿਆਂ ਡਿੱਗੇ ਦਰੱਖਤਾਂ ਅਤੇ ਪੌਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ
ਮੌਸਮ ਵਿਭਾਗ ਦੇ ਅਲਰਟ ਦੇ ਮੱਦੇਨਜ਼ਰ ਨਗਰ ਨਿਗਮ ਨੇ ਪੂਰੇ ਸ਼ਹਿਰ ਨੂੰ 18 ਜ਼ੋਨਾਂ ਵਿੱਚ ਵੰਡ ਕੇ ਹਰ ਜ਼ੋਨ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਹੈ । ਇਹ ਟੀਮ 24 ਘੰਟੇ ਆਪਣੇ ਖੇਤਰ ਵਿੱਚ ਤਾਇਨਾਤ ਰਹੇਗੀ। ਉੱਥੇ ਹੀ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸਾਰੇ ਐਮਰਜੈਂਸੀ ਕੰਟਰੋਲ ਰੂਮਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਦੱਸ ਦੇਈਏ ਕਿ ਮੋਹਾਲੀ ਤੋਂ ਬਾਅਦ ਐਤਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ NDRF ਟੀਮ ਨੂੰ ਬੁਲਾਉਣ ਦੀ ਮੰਗ ਕੀਤੀ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਦਾ ਹਵਾਲਾ ਦਿੰਦਿਆਂ NDRF ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: