ਚਾਰ ਧਾਮ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਨੇ ਵੀਰਵਾਰ ਨੂੰ 31 ਮਈ ਤੱਕ VIP ਦਰਸ਼ਨ ਦੀ ਵਿਵਸਥਾ ਨਾ ਕਰਨ ਅਤੇ ਹਰਿਦੁਆਰ ਤੇ ਰਿਸ਼ੀਕੇਸ਼ ਵਿੱਚ ਆਫਲਾਈਨ ਰਜਿਸਟ੍ਰੇਸ਼ਨ 19 ਮਈ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ। ਚਾਰ ਧਾਮ ਯਾਤਰਾ 10 ਮਈ ਨੂੰ ਸ਼ੁਰੂ ਹੋਈ ਸੀ ਤੇ ਅਧਿਕਾਰਿਤ ਅੰਕੜਿਆਂ ਅਨੁਸਾਰ ਬੁੱਧਵਾਰ ਤੱਕ ਪਹਿਲੇ ਛੇ ਦਿਨਾਂ ਵਿੱਚ ਹੀ ਦੇਸ਼-ਵਿਦੇਸ਼ ਦੇ 3,34,732 ਸ਼ਰਧਾਲੂ ਇਨ੍ਹਾਂ ਦੇ ਦਰਸ਼ਨਾਂ ਲਈ ਪਹੁੰਚ ਚੁੱਕੇ ਹਨ।
ਪ੍ਰਦੇਸ਼ ਦੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸ਼ੁਰੂਆਤੀ ਦਿਨਾਂ ਵਿੱਚ ਹੀ ਪਵਿੱਤਰ ਧਾਮਾਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਨੂੰ ਦੇਖਦੇ ਹੋਏ ਭੀੜ ਦੇ ਵਧੀਆ ਪ੍ਰਬੰਧਨ ਦੇ ਲਈ 31 ਮਈ ਤੱਕ ਵੀਆਈਪੀ ਦਰਸ਼ਨ ਦੀ ਵਿਵਸਥਾ ਨਹੀਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ 25 ਮਈ ਤੱਕ ਚਾਰ ਧਾਮਾਂ ਵਿੱਚ VIP ਦਰਸ਼ਨ ਦੀ ਵਿਵਸਥਾ ‘ਤੇ ਰੋਕ ਦੀ ਗੱਲ ਕਹੀ ਗਈ ਸੀ। ਪੱਤਰ ਵਿੱਚ ਰਤੂੜੀ ਨੇ ਇਹ ਵੀ ਕਿਹਾ ਕਿ ਧਾਮਾਂ ਵਿੱਚ ਦਰਸ਼ਨ ਦੀ ਪ੍ਰਕਿਰਿਆ ਸੁਚਾਰੂ ਬਣਾਉਣ ਲਈ ਰਾਜ ਸਰਕਾਰ ਨੇ ਸ਼ਰਧਾਲੂਆਂ ਦੇ ਲਈ ਲਾਜ਼ਮੀ ਰਜਿਸਟ੍ਰੇਸ਼ਨ ਦੀ ਵਿਵਸਥਾ ਕੀਤੀ ਹੈ ਅਤੇ ਧਾਮਾਂ ਵਿੱਚ ਸ਼ਰਧਾਲੂ ਦੀ ਸਹੂਲਤ ਦੇ ਮੱਦੇਨਜ਼ਰ ਇਸ ਸੂਚਨਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਵੀ ਕਿਹਾ ਹੈ।
ਇਸ ਤੋਂ ਇਲਾਵਾ ਰਤੂੜੀ ਨੇ ਬਜ਼ੁਰਗਾਂ ਤੇ ਪਹਿਲਾਂ ਤੋਂ ਗੰਭੀਰ ਬਿਮਾਰੀ ਨਾਲ ਪੀੜਤ ਸ਼ਰਧਾਲੂਆਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਜਾਂਚ ਕਰਵਾਉਣ ਤੇ ਉੱਤਰਾਖੰਡ ਦੇ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਸ ਸੂਚਨਾ ਨੂੰ ਲੋਕਾਂ ਤੱਕ ਪਹੁੰਚਾਓ। ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਚਾਰ ਧਾਮ ਵਿੱਚ ਮੰਦਰਾਂ ਦੇ 50 ਮੀਟਰ ਦੇ ਦਾਇਰੇ ਵਿੱਚ ਸੋਸ਼ਲ ਮੀਡੀਆ ਦੇ ਲਈ ਵੀਡੀਓ ਤੇ ਰੀਲਾਂ ਬਣਾਉਣ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਵੀ ਦਿੱਤੇ।
ਇਸ ਮਾਮਲੇ ਵਿੱਚ ਉਨ੍ਹਾਂ ਨੇ ਕਿਹਾ ਕਿ ਕੁਝ ਯਾਤਰੀਆਂ ਵੱਲੋਂ ਮੰਦਰ ਪਰਿਸਰ ਵਿੱਚ ਵੀਡੀਓ ਤੇ ਰੀਲਾਂ ਬਣਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਦੇਖਣ ਲਈ ਇੱਕ ਥਾਂ ‘ਤੇ ਭੀੜ ਇਕੱਠੀ ਹੋ ਜਾਂਦੀ ਹੈ। ਜਿਸ ਨਾਲ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸ ਵਿਚਾਲੇ ਹਰਿਦੁਆਰ ਤੇ ਰਿਸ਼ੀਕੇਸ਼ ਵਿੱਚ ਸ਼ਰਧਾਲੂਆਂ ਦੇ ਰਜਿਸਟ੍ਰੇਸ਼ਨ ਦੇ ਲਈ ਬਣਾਏ ਗਏ ਆਫਲਾਈਨ ਕਾਊਂਟਰ ਨੂੰ 19 ਮਈ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: