ਦਿੱਲੀ ਨਗਰ ਨਿਗਮ ਚੋਣਾਂ ਦੇ ਲਈ ਐਤਵਾਰ ਨੂੰ ਵੋਟਿੰਗ ਹੋ ਰਹੀ ਹੈ। ਲੋਕਲ ਬਾਡੀ ਚੋਣਾਂ ਵਿੱਚ 250 ਵਾਰਡਾਂ ਵਿੱਚ ਕੁੱਲ 1349 ਉਮੀਦਵਾਰ ਚੋਣ ਮੈਦਾਨ ਵਿੱਚ ਹਨ । ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ । MCD ਚੋਣਾਂ ਦੇ ਨਤੀਜੇ 7 ਦਸੰਬਰ ਨੂੰ ਆਉਣਗੇ । ਦਿੱਲੀ ਵਿੱਚ ਰਹਿਣ ਵਾਲੇ 1.45 ਕਰੋੜ ਤੋਂ ਵੱਧ ਵੋਟਰ ਇਨ੍ਹਾਂ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਕਰਨਗੇ । ਦਿੱਲੀ ਵਿੱਚ 100 ਸਾਲ ਤੋਂ ਵੱਧ ਉਮਰ ਦੇ 229 ਵੋਟਰ ਹਨ, ਜਦੋਂ ਕਿ 80 ਤੋਂ 100 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 2,04,301 ਹੈ । ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦੀ ਗਿਣਤੀ 95,458 ਹੈ । ਦਿੱਲੀ ਨਗਰ ਨਿਗਮ ਦੁਨੀਆ ਦੀਆਂ ਸਭ ਤੋਂ ਵੱਡੀਆਂ ਨਿਗਮਾਂ ਵਿੱਚੋਂ ਇੱਕ ਹੈ।
ਇਨ੍ਹਾਂ ਚੋਣਾਂ ਦੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਲੀ ਦੇ ਲੋਕਾਂ ਨੂੰ ਨਗਰ ਨਿਗਮ ਵਿੱਚ ਇਮਾਨਦਾਰ ਅਤੇ ਕੰਮ ਕਰਨ ਵਾਲੀ ਸਰਕਾਰ ਬਣਾਉਣ ਲਈ ਵੋਟ ਦੇਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਹੈ ਕਿ ਦਿੱਲੀ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਅੱਜ ਵੋਟਿੰਗ ਹੋ ਰਹੀ ਹੈ । ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਉਣ ਲਈ ਵੋਟਿੰਗ ਹੋ ਰਹੀ ਹੈ।
ਉੱਥੇ ਹੀ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਵਾਰ MCD ਦਾ ਕੂੜੇ ਦੇ ਪਹਾੜ ‘ਤੇ ਝਾੜੂ ਚੱਲੇਗਾ । ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਹੈ ਕਿ ਤੁਹਾਡੀ ਵੋਟ ਨਾਲ ਹੀ ਦਿੱਲੀ ਨੂੰ ਕੂੜੇ ਦੇ ਪਹਾੜ ਤੋਂ ਛੁਟਕਾਰਾ ਮਿਲੇਗਾ । ਉਨ੍ਹਾਂ ਦਿੱਲੀ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਤਰੱਕੀ ਅਤੇ ਖੁਸ਼ਹਾਲੀ ਲਈ ਵੋਟ ਪਾਉਣ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: