ਅਕਸਰ ਹੀ ਦੇਖਿਆ ਜਾਂਦਾ ਹੈ ਕਿ ਘੁੰਮਣ ਫਿਰਨ ਦੇ ਸ਼ੌਕੀਨ ਲੋਕ ਆਪਣੀਆਂ ਕਾਰਾਂ ਤੇ ਬਾਈਕ ਦੀ ਟੈਂਕੀ ਫੁਲ ਕਰਵਾ ਕੇ ਰੱਖਦੇ ਹਨ। ਪਰ ਇਸੇ ਵਿਚਾਲੇ ਇੱਕ ਖਬਰ ਸਾਹਮਣੇ ਆਈ ਹੈ ਕਿ ਹੁਣ ਤੁਸੀਂ ਆਪਣੀ ਮਰਜ਼ੀ ਅਨੁਸਾਰ ਅਜਿਹਾ ਨਹੀਂ ਕਰ ਸਕਦੇ। ਦਰਅਸਲ, ਤ੍ਰਿਪੁਰਾ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਕਾਰ ਅਤੇ ਬਾਈਕ ਚਲਾਉਣ ਵਾਲਿਆਂ ਲਈ ਪੈਟ੍ਰੋਲ-ਡੀਜ਼ਲ ਰੱਖਣ ਦੀ ਲਿਮਿਟ ਨਿਰਧਰਿਤ ਕਰ ਦਿੱਤੀ ਹੈ । ਜਿਸ ਦੇ ਮੱਦੇਨਜ਼ਰ ਹੁਣ ਲਿਮਿਟ ਮੁਤਾਬਕ ਹੀ ਪੈਟ੍ਰੋਲ-ਡੀਜ਼ਲ ਮਿਲੇਗਾ । ਤ੍ਰਿਪੁਰਾ ਸਰਕਾਰ ਵੱਲੋਂ ਇਹ ਨਿਯਮ ਇੱਕ ਮਈ ਤੋਂ ਲਾਗੂ ਕਰ ਦਿੱਤੇ ਗਏ ਹਨ।
ਇਸ ਸਬੰਧੀ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਦੋ ਪਹੀਆ ਵਾਹਨ ਵਿੱਚ ਪ੍ਰਤੀਦਿਨ ਸਿਰਫ 200 ਰੁਪਏ ਦਾ ਤੇਲ ਭਰਵਾਇਆ ਜਾ ਸਕਦਾ ਹੈ ਜਦਕਿ ਚਾਰ ਪਹੀਆ ਵਾਹਨ ਲਈ ਇਹ ਲਿਮਿਟ 500 ਰੁਪਏ ਰੱਖੀ ਗਈ ਹੈ । ਸਰਕਾਰ ਨੇ ਸੂਬੇ ਅੰਦਰ ਮਾਲ ਗੱਡੀਆਂ ਦੇ ਆਉਣ ਵਿੱਚ ਆ ਰਹੀ ਦਿੱਕਤ ਤੇ ਤੇਲ ਦੇ ਭੰਡਾਰ ਖਾਲੀ ਹੋਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ ।
ਇਹ ਵੀ ਪੜ੍ਹੋ: ਅੱਜ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ, ਆਪਣੇ ਦਾਦੇ ਦੀ ਗੱਡੀ ‘ਚ ਬੈਠ ਕੇ ਭਰਨਗੇ ਪਰਚਾ
ਦੱਸ ਦੇਈਏ ਕਿ ਅਸਾਮ ਵਿੱਚ ਵੱਡੇ ਪੱਧਰ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਮਾਲ ਗੱਡੀਆਂ ਨੂੰ ਤ੍ਰਿਪੁਰਾ ਪਹੁੰਚਣ ਵਿੱਚ ਦਿੱਕਤ ਆ ਰਹੀ ਹੈ । ਇਨ੍ਹਾਂ ਘਟਨਾਵਾਂ ਕਾਰਨ ਰੇਲ ਆਵਾਜਾਈ ਮੁਅੱਤਲ ਕੀਤੀ ਗਈ ਹੈ, ਜਿਸ ਕਾਰਨ ਟ੍ਰੇਨਾਂ ਦੀ ਆਵਾਜਾਈ ਕਾਫੀ ਘੱਟ ਗਈ ਹੈ। ਟ੍ਰੇਨਾਂ ਦੀ ਆਵਾਜਾਈ ਘੱਟ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਘੱਟ ਹੋ ਗਈ ਹੈ। ਜਿਸ ਕਾਰਨ ਸਰਕਾਰ ਨੇ 1 ਮਈ ਤੋਂ ਅਗਲੇ ਹੁਕਮਾਂ ਤੱਕ ਪੈਟ੍ਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: