ਚੋਣ ਕਮਿਸ਼ਨ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਸਕਦਾ ਹੈ । ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਵੱਲੋਂ ਸ਼ੁੱਕਰਵਾਰ ਦੁਪਹਿਰ ਨੂੰ 3 ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿੱਚ ਹੋਈਆਂ ਸਨ । ਗੁਜਰਾਤ ਵਿਧਾਨ ਸਭਾ ਵਿੱਚ 182 ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ 68 ਸੀਟਾਂ ਹਨ। ਇਨ੍ਹਾਂ ਦੋਵਾਂ ਰਾਜਾਂ ਵਿੱਚ ਇਸ ਵੇਲੇ ਭਾਜਪਾ ਦੀ ਸਰਕਾਰ ਹੈ। ਅਜਿਹੇ ਵਿੱਚ ਇਸ ਵਾਰ ਉਹ ਆਪਣੀ ਸੱਤਾ ਬਚਾਉਣ ਲਈ ਚੋਣ ਮੈਦਾਨ ਵਿੱਚ ਉਤਰੇਗੀ । ਦੋਵਾਂ ਰਾਜਾਂ ਵਿੱਚ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ ਪਰ ਇਸ ਵਾਰ ਇਨ੍ਹਾਂ ਰਾਜਾਂ ਵਿੱਚ ਆਮ ਆਦਮੀ ਪਾਰਟੀ ਜ਼ੋਰਦਾਰ ਢੰਗ ਨਾਲ ਚੋਣ ਲੜ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਨਾਲ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਹਨ।
ਹਾਲਾਂਕਿ ਸੂਤਰਾਂ ਮੁਤਾਬਕ ਗੁਜਰਾਤ ਵਿੱਚ ਚੋਣਾਂ ਦੀ ਤਾਰੀਕ ਦਾ ਐਲਾਨ ਹੋਣ ਦੀ ਸੰਭਾਵਨਾ ਘੱਟ ਹੈ । ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੀ ਟੀਮ ਚਾਰ ਦਿਨਾਂ ਲਈ ਗੁਜਰਾਤ ਦਾ ਦੌਰਾ ਕਰਨ ਜਾ ਰਹੀ ਹੈ । ਇਸ ਕਾਰਨ ਸ਼ੁੱਕਰਵਾਰ ਨੂੰ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਘੱਟ ਹੈ । ਗੁਜਰਾਤ ਵਿਧਾਨ ਸਭਾ ਵਿੱਚ ਕੁੱਲ 182 ਸੀਟਾਂ ਹਨ। ਬਹੁਮਤ ਲਈ 92 ਸੀਟਾਂ ਦੀ ਲੋੜ ਹੈ। ਪਿਛਲੀ ਵਾਰ ਇੱਥੇ ਦੋ ਪੜਾਵਾਂ ਵਿੱਚ 9 ਦਸੰਬਰ ਤੇ 14 ਦਸੰਬਰ 2017 ਨੂੰ ਵੋਟਿੰਗ ਹੋਈ ਸੀ। ਇਸ ਵਿੱਚ ਭਾਜਪਾ ਨੇ ਕੁੱਲ 99 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ 77 ਸੀਟਾਂ ਕਾਂਗਰਸ ਦੇ ਖਾਤੇ ਵਿਚ ਪਈਆਂ ਤੇ 6 ਸੀਟਾਂ ਹੋਰ ਪਾਰਟੀਆਂ ਨੇ ਜਿੱਤੀਆਂ ਸਨ।
ਇਹ ਵੀ ਪੜ੍ਹੋ: ਵੱਡੀ ਖਬਰ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ
ਇਸ ਤੋਂ ਇਲਾਵਾ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕੁੱਲ 68 ਸੀਟਾਂ ਹਨ। ਹਿਮਾਚਲ ਪ੍ਰਦੇਸ਼ ਵਿੱਚ 2017 ਵਿੱਚ ਸਿਰਫ਼ ਇੱਕ ਪੜਾਅ ਵਿੱਚ 9 ਨਵੰਬਰ ਨੂੰ ਚੋਣਾਂ ਹੋਈਆਂ ਸਨ। ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 44 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਕਾਂਗਰਸ ਨੂੰ 21 ਸੀਟਾਂ ‘ਤੇ ਜਿੱਤ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -: