ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਗੁਰੂਗ੍ਰਾਮ ਦੇ ਸੈਕਟਰ-110ਏ ਵਿੱਚ ਇੱਕ ਬਿਲਡਰ ਦੀ ਕਰੀਬ ਚਾਰ ਏਕੜ ਜ਼ਮੀਨ ‘ਤੇ ਬਾਰਿਸ਼ ਦਾ ਪਾਣੀ ਭਰਨ ਨਾਲ ਤਲਾਬ ਵਿੱਚ ਨਹਾਉਂਦੇ ਸਮੇਂ 8 ਬੱਚੇ ਡੁੱਬ ਗਏ। ਇਸ ਘਟਨਾ ਤੋਂ ਬਾਅਦ 6 ਬੱਚਿਆਂ ਦੀਆਂ ਮ੍ਰਿਤਕ ਦੇਹਾਂ ਤਲਾਬ ਵਿੱਚੋਂ ਕੱਢ ਲਏ ਗਏ ਹਨ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਤਲਾਬ ਕੋਲ ਬੱਚਿਆਂ ਦੇ ਕੱਪੜੇ ਪਏ ਮਿਲੇ ਹਨ । ਕੱਪੜਿਆਂ ਦੇ ਹਿਸਾਬ ਨਾਲ ਬੱਚਿਆਂ ਦੀ ਗਿਣਤੀ ਅੱਠ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ, ਉਨ੍ਹਾਂ ਦੇ ਨਾਂ ਰਾਹੁਲ, ਵਰੁਣ ਅਤੇ ਦੇਵ ਹਨ। ਸਾਰਿਆਂ ਦੀ ਉਮਰ ਅੱਠ ਤੋਂ ਦਸ ਸਾਲ ਦੇ ਵਿਚਕਾਰ ਹੈ। ਬੱਚਿਆਂ ਦਾ ਪਰਿਵਾਰ ਨਜ਼ਦੀਕੀ ਕਲੋਨੀ ਸ਼ੰਕਰ ਵਿਹਾਰ ਵਿੱਚ ਰਹਿ ਰਿਹਾ ਹੈ।
ਉਨ੍ਹਾਂ ਨੇ 8 ਬੱਚਿਆਂ ਦੇ ਡੁੱਬਣ ਦਾ ਖਦਸ਼ਾ ਜਤਾਇਆ। ਉਨ੍ਹਾਂ ਦੱਸਿਆ ਕਿ ਬਾਕੀ ਬੱਚਿਆਂ ਦੀ ਭਾਲ ਜਾਰੀ ਹੈ। ਦਿੱਲੀ ਤੋਂ NDRF ਦੀ ਟੀਮ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ‘ਤੇ ਇੱਕ ਬਿਲਡਰ ਦਾ ਕਬਜ਼ਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਦੇ ਲਈ ਕਮੇਟੀ ਬਣਾ ਦਿੱਤੀ ਗਈ ਹੈ, ਜਾਂਚ ਵਿੱਚ ਜੋ ਵੀ ਘਟਨਾ ਦੇ ਲਈ ਜ਼ਿੰਮੇਵਾਰ ਹੋਵੇਗਾ ਇਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: