ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅੱਜ ਆਪਣੇ ਦੂਜੇ ਕਾਰਜਕਾਲ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ 1 ਲੱਖ 89 ਹਜ਼ਾਰ ਕਰੋੜ ਰੁਪਏ ਹੋਵੇਗਾ। ਇਹ ਪਿਛਲੇ ਬਜਟ ਤੋਂ 11 ਫ਼ੀਸਦੀ ਜ਼ਿਆਦਾ ਹੈ। ਇਸ ਦੌਰਾਨ CM ਖੱਟਰ ਨੇ ਕਿਹਾ ਕਿ ਲਗਾਤਾਰ 5ਵੀਂ ਵਾਰ ਬਜਟ ਪੇਸ਼ ਕਰਨਾ ਮਾਣ ਵਾਲੀ ਗੱਲ ਹੈ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ।
ਬਜਟ ਵਿੱਚ ਮੁੱਖ ਮੰਤਰੀ ਖੱਟਰ ਵੱਲੋਂ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਬਜਟ ਪੇਸ਼ ਕਰਦਿਆਂ CM ਖੱਟਰ ਨੇ ਐਲਾਨ ਕਰਦਿਆਂ ਕਿਹਾ ਕਿ ਹਰਿਆਣਾ ਵਿੱਚ ਜਿਹੜੇ ਕਿਸਾਨ 30 ਸਤੰਬਰ 2023 ਤੱਕ ਦਾ ਕਰਜ਼ਾ 31 ਮਈ 2024 ਤੱਕ ਜਮ੍ਹਾ ਕਰਵਾਉਂਦੇ ਹਨ, ਤਾਂ ਉਨ੍ਹਾਂ ਦਾ ਵਿਆਜ ਤੇ ਪੈਨੇਲਟੀ ਮੁਆਫ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ। ਕਿਸਾਨਾਂ ਦੇ ਡਰ ਨੂੰ ਸਮਝਦਾ ਹਾਂ। ਮੈਂ ਖੁਦ ਹੱਲ ਚਲਾਇਆ ਹੈ ਤੇ ਖੇਤੀ ਕੀਤੀ ਹੈ।
ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰਾਹਤ, ਹਰਿਆਣਾ ਪੁਲਿਸ ਨੇ NSA ਲਗਾਉਣ ਦਾ ਫੈਸਲਾ ਲਿਆ ਵਾਪਸ
ਬਜਟ ਵਿੱਚ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਖਾਦਾਂ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਵਿੱਚ ਕਿਸਾਨ ਡਰੋਨਾਂ ਨੂੰ ਉਤਸ਼ਾਹਿਤ ਕਰਨ ਦੀ ਪਹਿਲਕਦਮੀ ਦੇ ਤਹਿਤ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਦ੍ਰਿਸ਼ਟੀ’ ਰਾਹੀਂ 500 ਨੌਜਵਾਨ ਕਿਸਾਨਾਂ ਨੂੰ ਡਰੋਨ ਅਪਰੇਸ਼ਨ ਦੀ ਸਿਖਲਾਈ ਪ੍ਰਦਾਨ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਤੱਕ 100 ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਡਰੋਨ ਪਾਇਲਟ ਲਾਇਸੈਂਸ ਪ੍ਰਦਾਨ ਕੀਤੇ ਜਾ ਚੁੱਕੇ ਹਨ।
ਇਸ ਤੋਂ ਅੱਗੇ ਮੁੱਖ ਮੰਤਰੀ ਖੱਟਰ ਨੇ ਕਿਹਾ ਕਿ 20ਸਾਲ 23-24 ਵਿੱਚ ਖੇਤੀ ਉਤਪਾਦਨ 8.1 ਪ੍ਰਤੀਸ਼ਤ ਦੀ ਦਰ ਨਾਲ ਵਧਿਆ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵਿੱਚੋਂ ਇੱਕ ਹੈ। ਮੇਰੀ ਫਸਲ ਮੇਰਾ ਬਿਓਰਾ ਪੋਰਟਲ ‘ਤੇ ਹਰ ਸੀਜ਼ਨ ਵਿੱਚ ਲਗਭਗ 10 ਲੱਖ ਕਿਸਾਨ ਆਪਣੀ ਫਸਲ ਦਾ ਡਾਟਾ ਉਪਲਬਧ ਕਰਵਾਉਂਦੇ ਹਨ, ਜਿਸ ਨਾਲ ਸਰਕਾਰ ਨੂੰ ਮਾਰਕੀਟ ਦਖਲ ਦੀ ਰਣਨੀਤੀ ਬਣਾਉਣ ਲਈ ਉਪਯੋਗੀ ਜਾਣਕਾਰੀ ਮਿਲਦੀ ਹੈ। ਸਰਕਾਰ ਨੇ ਰੱਬੀ ਤੇ ਖਰੀਫ ਸੀਜ਼ਨ-2023 ਵਿੱਚ 29,876 ਕਰੋੜ ਰੁਪਏ ਦਾ ਭੁਗਤਾਨ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕੀਤਾ ਹੈ।