ਮਹਾਰਾਸ਼ਟਰ ਵਿੱਚ ਮਾਨਸੂਨ ਮਿਹਰਬਾਨ ਹੋ ਗਿਆ ਹੈ । ਭਾਰੀ ਮੀਂਹ ਕਾਰਨ ਮੁੰਬਈ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੁੰਬਈ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਤਿੰਨ ਝੀਲਾਂ ਪੂਰੀ ਤਰ੍ਹਾਂ ਭਰ ਗਈਆਂ ਹਨ। ਬੀਐਮਸੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 3:50 ਵਜੇ ਮੁੰਬਈ ਦੀ ਵਿਹਾਰ ਝੀਲ ਤੋਂ ਪਾਣੀ ਓਵਰਫਲੋ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਜ਼ਿਆਦਾ ਮੀਂਹ ਪੈਣ ਕਾਰਨ ਪੁਣੇ ਦੇ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ । ਠਾਣੇ, ਪਾਲਘਰ ਅਤੇ ਰਾਏਗੜ੍ਹ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਦੇ ਸਕੂਲਾਂ-ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਣੇ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ।
ਪੁਣੇ ਵਿੱਚ ਖੜਕਵਾਸਲਾ ਡੈਮ ਦੇ ਓਵਰਫਲੋਅ ਹੋਣ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਬਾਹਰ ਕੱਢਣਾ ਪਿਆ। ਵੀਰਵਾਰ ਸਵੇਰੇ ਅਚਾਨਕ ਆਏ ਮੀਂਹ ਕਾਰਨ ਲੋਕ ਆਪੋ-ਆਪਣੇ ਘਰਾਂ ਵਿੱਚ ਡੂੰਘੇ ਪਾਣੀ ਵਿੱਚ ਫਸ ਗਏ । ਮੁਲਾ-ਮੁਥਾ ਨਦੀ ਦੇ ਕੰਢੇ ਵਸੇ ਵਿਸ਼ਵਾਂਤਵਾੜੀ ਇਲਾਕਿਆਂ ਵਿੱਚ ਘਰਾਂ ਵਿੱਚ ਪਾਣੀ ਭਰਨ ਦੀ ਵੀ ਸੂਚਨਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖੜਕਵਾਸਲਾ ਤੋਂ ਪਾਣੀ ਛੱਡਣ ਕਾਰਨ ਵੀਰਵਾਰ ਸਵੇਰੇ ਕਰੀਬ 3 ਵਜੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ । ਲੋਕਾਂ ਦਾ ਕਹਿਣਾ ਹੈ ਕਿ ਇਸ ਬਾਰੇ ਜਲ ਸਰੋਤ ਵਿਭਾਗ ਅਤੇ ਪੁਣੇ ਨਗਰ ਨਿਗਮ (ਪੀਐਮਸੀ) ਦੇ ਅਧਿਕਾਰੀਆਂ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਸੀ ।
ਜ਼ਿਆਦਾ ਮੀਂਹ ਪੈਣ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਕੁਝ ਟਰਾਂਸਪੋਰਟ ਸੇਵਾਵਾਂ ਵਿੱਚ ਵੀ ਰੁਕਾਵਟ ਆਈ ਹੈ । ਕੰਧਾਂ ਡਿੱਗਣ ਅਤੇ ਦਰੱਖਤ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ, ਪਰ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ । ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਵਿੱਚ ਪੁਣੇ ਸ਼ਹਿਰ ਅਤੇ ਘਾਟ ਖੇਤਰ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਮੁੰਬਈ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਏਅਰ ਇੰਡੀਆ ਵੱਲੋਂ ਅਪਡੇਟ ਜਾਰੀ ਕੀਤਾ ਗਿਆ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਭਾਰੀ ਮੀਂਹ ਕਾਰਨ ਮੁੰਬਈ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ । ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਲਈ ਜਲਦੀ ਰਵਾਨਾ ਹੋਣ ਕਿਉਂਕਿ ਹੌਲੀ ਆਵਾਜਾਈ ਅਤੇ ਪਾਣੀ ਭਰਨ ਕਾਰਨ ਉਡਾਣ ਵਿੱਚ ਦੇਰੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: