ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਨੇ ਕੁੜੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸੁੱਖੂ ਸਰਕਾਰ ਨੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਧੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਲਈ ਬਿੱਲ ਪੇਸ਼ ਕੀਤਾ । ਮੰਗਲਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਇਸ ਬਿੱਲ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਪਾਸ ਕਰ ਦਿੱਤਾ ਗਿਆ । ਹਾਲਾਂਕਿ ਹੁਣ ਇਸ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਹੈ । ਇਸ ਦੌਰਾਨ ਹਿਮਾਚਲ ਪ੍ਰਦੇਸ਼ ਬਾਲ ਵਿਆਹ ਰੋਕੂ ਬਿੱਲ-2024 ਨੂੰ ਸਦਨ ਵਿੱਚ ਪੇਸ਼ ਕਰਕੇ ਪਾਸ ਕਰ ਦਿੱਤਾ ਗਿਆ। ਰਾਜ ਦੇ ਸਿਹਤ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਧਨੀਰਾਮ ਸ਼ਾਂਡਿਲ ਨੇ ਵਿਧਾਨ ਸਭਾ ਵਿੱਚ ਬਾਲ ਵਿਆਹ ਰੋਕ (ਹਿਮਾਚਲ ਪ੍ਰਦੇਸ਼ ਸੋਧ ਬਿੱਲ, 2024) ਪੇਸ਼ ਕੀਤਾ। ਇਸ ਦੌਰਾਨ ਇਸ ‘ਤੇ ਕੋਈ ਚਰਚਾ ਨਹੀਂ ਹੋਈ ਅਤੇ ਇਹ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਿਆ। ਜਿਸ ਤੋਂ ਇਸ ਨੂੰ ਰਾਜਪਾਲ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਹੈ। ਰਾਜਪਾਲ ਤੋਂ ਮਨਜ਼ੂਰੀ ਮਿਲਣ ਮਗਰੋਂ ਹੀ ਇਹ ਲਾਗੂ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ ‘ਚ 176 ਸਾਲ ਪੁਰਾਣੇ ਘਰ ‘ਚ ਰਹਿਣਗੇ CM ਮਾਨ, ਕਈ ਸਹੂਲਤਾਂ ਨਾਲ ਲੈਸ ਹੋਵੇਗਾ ਘਰ
ਸਿਹਤ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਧਨੀਰਾਮ ਸ਼ਾਂਡਿਲ ਨੇ ਕਿਹਾ ਕਿ ਕੁੜੀਆਂ ਨੂੰ ਅੱਗੇ ਵਧਣ ਦੇ ਮੌਕੇ ਮਿਲਣਗੇ। ਹਾਲੇ ਵੀ ਕੁਝ ਲੋਕ ਛੋਟੀ ਉਮਰ ਵਿੱਚ ਵਿਆਹ ਕਰ ਦਿੰਦੇ ਹਨ। ਇਸ ਨਾਲ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਤੇ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਵਿਆਹ ਲਈ ਉਮਰ ਵਧਾਈ ਜਾਵੇ, ਤਾਂ ਜੋ ਲੋਕਾਂ ਨੂੰ ਕੁਪੋਸ਼ਣ ਤੋਂ ਬਚਾਇਆ ਜਾਵੇ। ਜਲਦੀ ਵਿਆਹ ਹੋਣ ਕਾਰਨ ਕਈ ਮਹਿਲਾਵਾਂ ਨੂੰ ਆਪਣੇ ਕਰੀਅਰ ਵਿੱਚ ਵੀ ਸਫਲਤਾ ਨਹੀਂ ਮਿਲਦੀ।
ਜ਼ਿਕਰਯੋਗ ਹੈ ਕਿ ਹੁਣ ਤੱਕ ਹਿਮਾਚਲ ਪ੍ਰਦੇਸ਼ ਵਿੱਚ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਹੈ । ਪਰ ਸੂਬਾ ਸਰਕਾਰ ਨੇ ਹੁਣ ਇਸ ਨੂੰ 3 ਸਾਲ ਵਧਾ ਕੇ 21 ਸਾਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੁੱਖੂ ਕੈਬਨਿਟ ਨੇ 7 ਮਹੀਨੇ ਪਹਿਲਾਂ ਸੋਧੇ ਹੋਏ ਡ੍ਰਾਫਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਹੁਣ ਇਸ ਨੂੰ ਸਦਨ ਵਿੱਚ ਪਾਸ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: