ਰਾਸ਼ਟਰੀ ਰਾਜਧਾਨੀ ਦਿੱਲੀ, ਹਰਿਆਣਾ, ਰਾਜਸਥਾਨ ਸਣੇ ਪੂਰੇ ਦੇਸ਼ ਵਿੱਚ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ । ਉੱਤਰੀ ਭਾਰਤ ਦਾ ਜ਼ਿਆਦਾਤਰ ਹਿੱਸਾ ਸੀਤ ਲਹਿਰ ਦੀ ਮਾਰ ਝੱਲ ਰਿਹਾ ਹੈ। ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਦੀ ਚਾਦਰ ਜੰਮੀ ਹੋਈ ਹੈ । ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ।
ਰਾਜਧਾਨੀ ਦਿੱਲੀ ਵਿੱਚ ਮੌਸਮ ਬੇਹੱਦ ਠੰਡਾ ਬਣਿਆ ਹੋਇਆ ਹੈ । ਅੱਜ ਮੰਗਲਵਾਰ ਦੀ ਸਵੇਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ IMD ਅਨੁਸਾਰ ਮੰਗਲਵਾਰ ਦੀ ਸਵੇਰ ਨੂੰ ਦਰਮਿਆਨੀ ਧੁੰਦ ਰਹਿਣ ਦੀ ਭਵਿੱਖਬਾਣੀ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਮੁੰਬਈ ਏਅਰਪੋਰਟ ‘ਤੇ 3 ਕਰੋੜ ਰੁਪਏ ਦਾ 6.4 ਕਿਲੋ ਸੋਨਾ ਜ਼ਬਤ, ਪੇਸਟ ਬਣਾ ਕੇ ਕੀਤੀ ਜਾ ਰਹੀ ਸੀ ਤਸਕਰੀ
IMD ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਕਿਹਾ ਕਿ ਸੀਤ ਲਹਿਰ ਉੱਤਰ-ਪੱਛਮ ਵਿੱਚ ਰਾਜਸਥਾਨ ਅਤੇ ਪੰਜਾਬ ਤੋਂ ਲੈ ਕੇ ਹਰਿਆਣਾ, ਦਿੱਲੀ ਅਤੇ ਦੱਖਣ-ਪੂਰਬ ਵਿੱਚ ਉੱਤਰ ਪ੍ਰਦੇਸ਼ ਤੱਕ ਫੈਲੀ ਹੋਈ ਹੈ। ਅਗਲੇ 48 ਘੰਟਿਆਂ ਦੌਰਾਨ ਮੁੱਖ ਤੌਰ ‘ਤੇ ਪੰਜਾਬ ਅਤੇ ਹਰਿਆਣਾ ਵਿੱਚ ਕੋਲਡ ਡੇਅ ਦੀ ਸਥਿਤੀ ਰਹਿਣ ਦੀ ਸੰਭਾਵਨਾ ਹੈ, ਪਰ ਇਸ ਤੋਂ ਬਾਅਦ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਣ ਦੀ ਸੰਭਾਵਨਾ ਹੈ । ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ 3 ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ, ਜੋ ਦਸੰਬਰ ਦੇ ਅੰਤ ਤੱਕ 7-10 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਸੀਤ ਲਹਿਰ ਅਤੇ ਲਗਾਤਾਰ ਡਿੱਗਦੇ ਤਾਪਮਾਨ ਦੇ ਸਬੰਧ ਵਿੱਚ ਆਈਐਮਡੀ ਨੇ ਅੱਜ ਪੂਰਬੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ । ਇਸ ਦੇ ਨਾਲ ਹੀ IMD ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟਿਆਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਧੁੰਦ ਦੀ ਚਾਦਰ ਛਾਈ ਰਹੇਗੀ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ।
ਵੀਡੀਓ ਲਈ ਕਲਿੱਕ ਕਰੋ -: