ਪੰਜਾਬ, ਹਰਿਆਣਾ ਤੇ ਉੱਤਰ-ਪੱਛਮੀ ਰਾਜਸਥਾਨ ਤੋਂ ਪੂਰਬੀ ਉੱਤਰ ਪ੍ਰਦੇਸ਼ ਬੁੱਧਵਾਰ ਨੂੰ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦੀ ਲਪੇਟ ਵਿੱਚ ਰਹੇ । ਹਾਲਾਂਕਿ ਰਾਸ਼ਟਰੀ ਰਾਜਧਾਨੀ ਅਤੇ ਗੁਆਂਢੀ ਖੇਤਰਾਂ ਵਿੱਚ ਦ੍ਰਿਸ਼ਟੀ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਸਵੇਰ ਦੇ ਸਮੇਂ ਭਾਰੀ ਧੁੰਦ ਕਾਰਨ ਰੇਲ ਅਤੇ ਸੜਕੀ ਆਵਾਜਾਈ ਵਿੱਚ ਵਿਘਨ ਪਿਆ ਅਤੇ ਕਈ ਟ੍ਰੇਨਾਂ ਦੇਰੀ ਨਾਲ ਚੱਲੀਆਂ ।
ਭਾਰਤੀ ਮੌਸਮ ਵਿਭਾਗ ਅਨੁਸਾਰ ਹੁਣ ਕੋਈ ਰਾਹਤ ਨਹੀਂ ਮਿਲੇਗੀ । ਗੰਗਾ ਦੇ ਕਿਨਾਰੇ ਵਾਲੇ ਮੈਦਾਨਾਂ ਵਿੱਚ ਨਮੀ ਅਤੇ ਹਲਕੀ ਹਵਾਵਾਂ ਕਾਰਨ ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅਗਲੇ ਕੁਝ ਦਿਨਾਂ ਤੱਕ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ । ਸੰਘਣੀ ਧੁੰਦ ਕਾਰਨ ਲਖਨਊ-ਗੋਰਖਪੁਰ ਰਾਸ਼ਟਰੀ ਰਾਜਮਾਰਗ ‘ਤੇ ਇੱਕ ਬੱਸ ਟਰੱਕ ਨਾਲ ਟਕਰਾ ਕੇ ਪਲਟ ਗਈ । ਇਸ ਤੋਂ ਬਾਅਦ ਇੱਕ-ਇੱਕ ਕਰਕੇ ਕਈ ਵਾਹਨ ਬੱਸ ਨਾਲ ਟਕਰਾ ਗਏ । ਇਸ ਹਾਦਸੇ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਚੀਨ ‘ਚ ਕਹਿਰ ਦਾ ਕਾਰਨ ਬਣੇ ਓਮੀਕ੍ਰਾਨ ਸਬ-ਵੈਰੀਐਂਟ BF.7 ਦੇ ਚਾਰ ਮਾਮਲੇ ਭਾਰਤ ‘ਚ ਵੀ ਮਿਲੇ
ਸੰਘਣੀ ਧੁੰਦ ਕਾਰਨ ਬੁੱਧਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਵਿੱਚ ਸੜਕੀ ਆਵਾਜਾਈ ਵਿੱਚ ਵੀ ਵਿਘਨ ਪਾਇਆ । ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਥਾਵਾਂ ‘ਤੇ ਭਾਰੀ ਜਾਮ ਲੱਗ ਗਿਆ । ਹਾਲਾਂਕਿ ਹਵਾਈ ਅੱਡੇ ‘ਤੇ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ । ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਚੰਡੀਗੜ੍ਹ, ਵਾਰਾਣਸੀ ਅਤੇ ਲਖਨਊ ਵਿੱਚ ਭਾਰੀ ਧੁੰਦ ਕਾਰਨ ਤਿੰਨ ਉਡਾਣਾਂ ਦਿੱਲੀ ਪਰਤ ਆਈਆਂ ਜਾਂ ਉਨ੍ਹਾਂ ਨੂੰ ਦਿੱਲੀ ਡਾਇਵਰਟ ਕੀਤਾ ਗਿਆ । ਬੁੱਧਵਾਰ ਨੂੰ ਪਾਲਮ ਹਵਾਈ ਅੱਡੇ ‘ਤੇ ਵਿਜ਼ੀਬਿਲਟੀ 400 ਮੀਟਰ ਅਤੇ ਸਫਦਰਜੰਗ ਹਵਾਈ ਅੱਡੇ ‘ਤੇ ਵਿਜ਼ੀਬਿਲਟੀ 500 ਮੀਟਰ ਸੀ, ਮੰਗਲਵਾਰ ਨੂੰ ਦੋਵਾਂ ਥਾਵਾਂ ‘ਤੇ ਵਿਜ਼ੀਬਿਲਟੀ 50 ਮੀਟਰ ਸੀ।
ਮੌਸਮ ਵਿਭਾਗ ਮੁਤਾਬਕ ਅੱਜ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਇਸ ਤੋਂ ਇਲਾਵਾ ਕੇਰਲਾ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਉੜੀਸਾ ਸਮੇਤ ਮਹਾਰਾਸ਼ਟਰ ਵਿੱਚ ਵੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹੇਗਾ । ਉੱਤਰ-ਪੂਰਬੀ ਭਾਰਤ ਦੇ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੁਝ ਦਰਮਿਆਨੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: