ਦੇਸ਼ ਦੇ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਨਹੀਂ ਮਿਲੇਗੀ । ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਵਿੱਚ ਆਉਣ ਵਾਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ । ਸੰਘਣੀ ਧੁੰਦ ਦਾ ਪ੍ਰਕੋਪ ਹੋਰ ਵਧਣ ਨਾਲ ਕੁਝ ਇਲਾਕਿਆਂ ਵਿੱਚ ਸੀਤ ਲਹਿਰ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ । ਦੇਸ਼ ਦੇ ਉੱਤਰੀ-ਪੱਛਮੀ, ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਪਹਾੜੀ ਅਤੇ ਮੈਦਾਨੀ ਸੂਬਿਆਂ ਵਿੱਚ ਠੰਡ ਦਾ ਪ੍ਰਕੋਪ ਵੱਧ ਗਿਆ ਹੈ। ਮੌਸਮ ਵਿਭਾਗ ਨੇ ਫਿਲਹਾਲ ਇਸ ਤੋਂ ਰਾਹਤ ਨਾ ਮਿਲਣ ਦੀ ਸੰਭਾਵਨਾ ਜਤਾਈ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਮੌਸਮ ਦੀ ਭਵਿੱਖਬਾਣੀ ਵਿੱਚ ਹਲਕੀ ਹਵਾ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਆਉਣ ਵਾਲੇ 2-3 ਦਿਨਾਂ ਲਈ ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਅਤੇ ਅਗਲੇ 4 ਦਿਨਾਂ ਲਈ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਸਵੇਰ ਅਤੇ ਰਾਤ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ । ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਅਸਾਮ ਅਤੇ ਤ੍ਰਿਪੁਰਾ ਵਿੱਚ 2 ਤੋਂ 3 ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਯੁਗਾਂਡਾ : ਨਵੇਂ ਸਾਲ ਦੇ ਜਸ਼ਨ ‘ਚ ਮਾਤਮ, ਆਤਿਸ਼ਬਾਜ਼ੀ ਵੇਖਣ ਆਏ ਲੋਕਾਂ ‘ਚ ਮਚੀ ਭਗਦੜ, 9 ਮੌਤਾਂ
ਮੌਸਮ ਦੀ ਭਵਿੱਖਬਾਣੀ ਅਨੁਸਾਰ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮਾਲਿਆ ਤੋਂ ਉੱਤਰ-ਪੱਛਮੀ ਹਵਾਵਾਂ ਚੱਲਣ ਕਾਰਨ ਅਗਲੇ 2 ਦਿਨਾਂ ਵਿੱਚ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ । ਇਸ ਕਾਰਨ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ । ਮੌਸਮ ਵਿੱਚ ਆਈ ਤਬਦੀਲੀ ਕਾਰਨ ਉੱਤਰੀ ਰਾਜਸਥਾਨ ਵਿੱਚ 3 ਜਨਵਰੀ ਤੱਕ ਕੜਾਕੇ ਦੀ ਠੰਡ ਪੈਣ ਅਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ । ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 4 ਜਨਵਰੀ ਤੱਕ ਠੰਡ ਪ੍ਰੇਸ਼ਾਨ ਕਰੇਗੀ । ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਲੋਕਾਂ ਨੂੰ 5 ਜਨਵਰੀ ਤੱਕ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ।
ਦੱਸ ਦੇਈਏ ਕਿ ਕੜਾਕੇ ਦੀ ਠੰਡ ਦੇ ਵਿਚਕਾਰ ਮੌਸਮ ਵਿਭਾਗ ਨੇ ਕੁਝ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ ਵੀ ਜਤਾਈ ਹੈ । 5 ਜਨਵਰੀ 2023 ਤੱਕ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਕੁਝ ਥਾਵਾਂ ‘ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ 3 ਜਨਵਰੀ ਤੱਕ ਬਾਰਿਸ਼ ਹੋ ਸਕਦੀ ਹੈ। ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: