ਉੱਤਰ ਭਾਰਤ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਪੰਜਾਬ,ਹਿਮਾਚਲ ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਅਤੇ ਹਲਕੇ ਮੀਂਹ ਕਾਰਨ ਮੌਸਮ ਠੰਡਾ ਹੋ ਗਿਆ ਹੈ । ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਧੂੜ ਭਰੀ ਹਨ੍ਹੇਰੀ ਅਤੇ ਬੂੰਦਾਬਾਂਦੀ ਨੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ । ਕਈ ਜ਼ਿਲ੍ਹਿਆਂ ਚ ਸਵੇਰੇ 5 ਵਜੇ ਤੋਂ ਹੀ ਬੱਦਲਵਾਈ ਰਹੀ ਅਤੇ ਕਿਤੇ-ਕਿਤੇ ਮੀਂਹ ਵੀ ਪੈ ਰਿਹਾ ਹੈ।
ਉੱਥੇ ਹੀ ਰਾਜਧਾਨੀ ਦਿੱਲੀ ਵਿੱਚ ਹੋਈ ਬਾਰਿਸ਼ ਕਾਰਨ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਰਾਜਧਾਨੀ ਵਿੱਚ ਫਰਵਰੀ ਮਹੀਨੇ ਵਿੱਚ ਗਰਮੀ ਨੇ 72 ਸਾਲ ਦਾ ਰਿਕਾਰਡ ਤੋੜ ਦਿੱਤਾ ਸੀ। 1951 ਤੋਂ 2023 ਤੱਕ ਫਰਵਰੀ ਦਾ ਇਹ ਮਹੀਨਾ ਤੀਜੀ ਵਾਰ ਸਭ ਤੋਂ ਵੱਧ ਗਰਮ ਰਿਹਾ ਸੀ, ਪਰ ਬੁੱਧਵਾਰ ਨੂੰ ਹੋਣ ਵਾਲੀ ਬਾਰਿਸ਼ ਦੇ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਅੰਬਾਨੀ ਪਰਿਵਾਰ ਨੂੰ ਵਿਦੇਸ਼ ਤੱਕ Z+ ਸਕਿਓਰਿਟੀ, ਸੁਪਰੀਮ ਕੋਰਟ ਨੇ ਕਿਹਾ-‘ਖਰਚ ਖੁਦ ਦੇਣਾ ਹੋਵੇਗਾ’
ਮੌਸਮ ਵਿਭਾਗ ਵੱਲੋਂ ਅਗਲੇ 2 ਮਹੀਨਿਆਂ ਦੇ ਲਈ ਗਰਮੀ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਮਾਰਚ ਤੋਂ ਮਈ ਦੇ ਦੌਰਾਨ ਪੂਰਬ-ਉੱਤਰ, ਪੂਰਬ ਤੇ ਮੱਧ ਭਾਰਤ ਦੇ ਵਧੇਰੇ ਹਿੱਸਿਆਂ ਵਿੱਚ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਆਮ ਨਾਲ ਵੱਧ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੱਧ ਤਾਪਮਾਨ ਆਮ ਨਾਲੋਂ ਜਾਂ ਉਸ ਤੋਂ ਘੱਟ ਰਹੇਗਾ।
ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਾਰਿਸ਼ ਤੇ ਬਰਫਬਾਰੀ ਦੀ ਉਮੀਦ ਹੈ। ਹੈਰਾਨੀ ਦੀ ਗੱਲ ਹੈ ਕਿ 2 ਮਾਰਚ ਦੇ ਬਾਅਦ ਮੌਸਮ ਬਦਲ ਜਾਵੇਗਾ ਤੇ 3 ਮਾਰਚ ਦੇ ਬਾਅਦ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਤੋਂ ਤਿੰਨ ਤੋਂ ਚਾਰ ਦਿਨ ਤੱਕ ਪੂਰਬੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: