ਭਾਰਤੀ ਰੇਲਵੇ ਨੇ ਸੋਮਵਾਰ ਨੂੰ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ । ਸ਼ੁੱਕਰਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ । ਵਿਨੇਸ਼ ਭਾਰਤੀ ਰੇਲਵੇ ਵਿੱਚ OSD ਸਪੋਰਟਸ ਦੇ ਅਹੁਦੇ ‘ਤੇ ਰੇਲਵੇ ਵਿੱਚ ਕੰਮ ਕਰ ਰਹੀ ਸੀ, ਜਦਕਿ ਬਜਰੰਗ ਵੀ ਇਸੇ ਅਹੁਦੇ ‘ਤੇ ਸੀ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜੁਲਾਨਾ ਤੋਂ ਵਿਨੇਸ਼ ਨੂੰ ਟਿਕਟ ਦੇ ਦਿੱਤੀ ਅਤੇ ਬਜਰੰਗ ਪੂਨੀਆ ਨੂੰ ਆਪਣੇ ਕਿਸਾਨ ਵਿੰਗ ਵਿੱਚ ਸ਼ਾਮਲ ਕੀਤਾ।
ਵਿਨੇਸ਼ ਫੋਗਾਟ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ । ਹੁਣ ਉਨ੍ਹਾਂ ਦੇ ਚੋਣ ਲੜਨ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ । ਜੇਕਰ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਾ ਕੀਤਾ ਗਿਆ ਹੁੰਦਾ ਤਾਂ ਵਿਨੇਸ਼ ਫੋਗਾਟ ਚੋਣ ਦੌੜ ਵਿੱਚ ਉਤਰਨ ‘ਤੇ ਸੰਕਟ ਆ ਸਕਦਾ ਸੀ। ਕਾਨੂੰਨ ਕਹਿੰਦਾ ਹੈ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਅਹੁਦੇ ‘ਤੇ ਹੈ ਅਤੇ ਉਹ ਚੋਣ ਲੜਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਅਸਤੀਫਾ ਦੇ ਕੇ ਵਿਭਾਗ ਤੋਂ NOC ਲੈਣੀ ਪੈਂਦੀ ਹੈ । ਨਾਮਜ਼ਦਗੀ ਦੇ ਸਮੇਂ NOC ਨੂੰ ਵੀ ਦਸਤਾਵੇਜ਼ ਵਿੱਚ ਲਗਾਉਣਾ ਪੈਂਦਾ ਹੈ ਤਾਂ ਹੀ ਰਿਟਰਨਿੰਗ ਅਫਸਰ ਅਰਜ਼ੀ ਨੂੰ ਸਵੀਕਾਰ ਕਰੇਗਾ । ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ ਹੈ । ਇਸ ਦੀ ਆਖਰੀ ਤਰੀਕ 12 ਸਤੰਬਰ ਹੈ, ਜਿਸ ਤੋਂ ਠੀਕ ਪਹਿਲਾਂ ਵਿਨੇਸ਼ ਫੋਗਾਟ ਲਈ ਇਹ ਰਾਹਤ ਦੀ ਖਬਰ ਹੈ।
ਦੱਸ ਦੇਈਏ ਕਿ ਕਾਂਗਰਸ ਨੇ ਵਿਨੇਸ਼ ਫੋਗਾਟ ਨੂੰ ਉਨ੍ਹਾਂ ਦੇ ਸਹੁਰੇ ਘਰ ਜੁਲਾਨਾ ਤੋਂ ਟਿਕਟ ਦਿੱਤੀ ਹੈ । ਕਾਂਗਰਸ ਲੰਬੇ ਸਮੇਂ ਤੋਂ ਜੁਲਾਨਾ ਸੀਟ ‘ਤੇ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ । ਕਾਂਗਰਸ ਨੇ ਇਸ ਸੀਟ ‘ਤੇ ਪਿਛਲੀ ਵਾਰ 2005 ਵਿੱਚ ਜਿੱਤ ਮਿਲੀ ਸੀ। ਪਾਰਟੀ ਦੀ ਵਿਗੜ ਰਹੀ ਸਾਖ ਨੂੰ ਸੁਧਾਰਨ ਲਈ ਪਾਰਟੀ ਨੇ ਵਿਨੇਸ਼ ਫੋਗਾਟ ਨੂੰ ਉਮੀਦਵਾਰ ਬਣਾ ਕੇ ਵੱਡਾ ਦਾਅ ਖੇਡਿਆ ਹੈ। ਵਿਨੇਸ਼ ਦਾ ਮੁਕਾਬਲਾ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਮੌਜੂਦਾ ਵਿਧਾਇਕ ਅਮਰਜੀਤ ਢਾਂਡਾ ਨਾਲ ਹੋਵੇਗਾ । ਜੇਜੇਪੀ ਨੇ 2019 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਅਮਰਜੀਤ ਢਾਂਡਾ ਨੇ ਭਾਜਪਾ ਦੇ ਪਰਮਿੰਦਰ ਸਿੰਘ ਢੁੱਲ ਨੂੰ 24,193 ਹਜ਼ਾਰ ਵੋਟਾਂ ਨਾਲ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: